ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਦਾ ਆਗਾਜ਼ ਅੱਜ ਤੋਂ
ਗਲਾਸਗੋ, 22 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਸ਼ਾਨਦਾਰ ਉਦਘਾਟਨ ਸਮਾਰੋਹ ਅੱਜ 23 ਜੁਲਾਈ ਨੂੰ ਗਲਾਸਗੋ ਦੇ ਹਾਈਡਰੋ ਅਰੀਨਾ ਸਟੇਡੀਅਮ ਵਿਚ ਹੋਵੇਗਾ। ਸਮਾਰੋਹ ਦੌਰਾਨ 74 ਰਾਸ਼ਟਰਮੰਡਲ ਦੇਸ਼ਾਂ ਅਤੇ ਖੇਤਰਾਂ ਦੇ ਖਿਡਾਰੀਆਂ ਦੀ ਪਰੇਡ ਆਫ਼ ਨੇਸ਼ਨਜ਼, ਸਕਾਟਲੈਂਡ ਦੀ ਸੰਸਕ੍ਰਿਤੀ ਅਤੇ ਸੰਗੀਤ ਦੀ ਪੇਸ਼ਕਾਰੀ ਅਤੇ ਕਿੰਗਜ਼ ਬੈਟਨ ਦੇ ਸਵਾਗਤ ਸਮੇਤ ਖੇਡਾਂ ਦਾ ਰਸਮੀ ਆਗਾਜ਼ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਕਿਸੇ ਰਵਾਇਤੀ ਐਥਲੈਟਿਕਸ ਸਟੇਡੀਅਮ ਦੀ ਬਜਾਏ ਹਾਈਡਰੋ ਅਰੀਨਾ ਵਿਚ ਕਰਵਾਇਆ ਜਾ ਰਿਹਾ ਹੈ। ਸਕਾਟਲੈਂਡ ਦੇ ਪਹਿਲੇ ਮੰਤਰੀ ਜੌਹਨ ਸਵਿੰਨੀ ਨੇ ਕਿਹਾ ਕਿ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਸਕਾਟਲੈਂਡ ਦੀ ਖੇਡ ਮੰਤਰੀ ਮੈਰੀ ਟੌਡ ਨੇ ਗਲਾਸਗੋ ਵਿਚ ਟੀਮ ਸਕਾਟਲੈਂਡ ਹਾਊਸ ਦਾ ਉਦਘਾਟਨ ਕੀਤਾ। ਇਹ ਕੇਂਦਰ ਖੇਡਾਂ ਦੌਰਾਨ ਸਕਾਟਲੈਂਡ ਦੇ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਦਾ ਮੁੱਖ ਆਧਾਰ ਰਹੇਗਾ ਅਤੇ ਇੱਥੇ ਵੱਖ-ਵੱਖ ਸੱਭਿਆਚਾਰਕ ਸਮਾਗਮ ਵੀ ਕਰਵਾਏ ਜਾਣਗੇ। ਭਾਰਤ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਵੀ ਰਾਸ਼ਟਰਮੰਡਲ ਖੇਡਾਂ ਵਿਚ ਸ਼ਮੂਲੀਅਤ ਲਈ ਸਕਾਟਲੈਂਡ ਪਹੁੰਚੇ। ਐਡਿਨਬਰਗ ਹਵਾਈ ਅੱਡੇ ’ਤੇ ਭਾਰਤ ਦੇ ਹਾਈ ਕਮਿਸ਼ਨਰ ਪੀ. ਕੁਮਾਰਨ ਅਤੇ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਕਰੀਬ 190 ਮੈਂਬਰੀ ਦਲ ਹਿੱਸਾ ਲੈ ਰਿਹਾ ਹੈ। ਭਾਰਤੀ ਟੀਮ ਦੇਸ਼ ਦੀ ਖੇਡ ਸਮਰੱਥਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਧ ਰਹੀ ਭੂਮਿਕਾ ਨੂੰ ਦਰਸਾਏਗੀ। ਨਾਲ ਹੀ ਭਾਰਤ ਹੁਣ 2030 ਵਿਚ ਅਹਿਮਦਾਬਾਦ (ਗੁਜਰਾਤ) ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ਤਾਬਦੀ (100ਵੇਂ ਸਾਲ) ਐਡੀਸ਼ਨ ਦੀ ਮੇਜ਼ਬਾਨੀ ਦੀਆਂ ਤਿਆਰੀਆਂ ਵੱਲ ਵੀ ਅੱਗੇ ਵੱਧ ਰਿਹਾ ਹੈ। ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿਚ 70 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਦੇ ਹਜ਼ਾਰਾਂ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਮੁਕਾਬਲੇ ਗਲਾਸਗੋ ਦੇ ਐੱਸ.ਈ.ਸੀ. ਇੰਡੋਰ ਸਟੇਡੀਅਮ ਵਿਚ ਜੂਡੋ, ਬਾਕਸਿੰਗ, ਵੇਟਲਿਫਟਿੰਗ ਅਤੇ ਟੇਬਲ ਟੈਨਿਸ, ਐਮੀਰੇਟਸ ਐਰੇਨਾ ਸਟੇਡੀਅਮ ਵਿਚ ਐਥਲੈਟਿਕਸ, ਬੈਡਮਿੰਟਨ, ਸਰ ਹੋਏ ਵੈਲੋਡਰੋਮ ਸਟੇਡੀਅਮ ਵਿਚ ਟਰੈਕ ਸਾਈਕਲਿੰਗ, ਟੌਲਕਰੌਸ ਅੰਤਰਰਾਸ਼ਟਰੀ ਤੈਰਾਕੀ ਸੈਂਟਰ ਵਿਚ ਤੈਰਾਕੀ ਦੇ ਮੁਕਾਬਲੇ, ਸਕੌਟਸਟਾਊਨ ਸਟੇਡੀਅਮ ਵਿਚ 3×3 ਬਾਸਕਟਬਾਲ, 3×3 ਵ੍ਹੀਲਚੇਅਰ ਬਾਸਕਟਬਾਲ ਅਤੇ ਕੈਲਵਿਨਗਰੋਵ ਲਾਅਨ ਬਾਲ ਸੈਂਟਰ ਗਲਾਸਗੋ ਵਿਚ ਲਾਨ ਬੋਲਜ਼ ਤੇ ਪੈਰਾ ਲਾਨ ਬੋਲਜ਼ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਦਕਿ ਗਲਾਸਗੋ ਦੀ ਸੱਭ ਤੋਂ ਵੱਡੀ ਪਾਰਕ ਕੇਲਵਿੰਗਰੋਵ ਪਾਰਕ ਵਿਚ ਬਣਾਈ ਗਈ ਹੈ, ਜਿੱਥੇ ਦਰਸ਼ਕ ਵੱਡੀਆਂ ਸਕ੍ਰੀਨਾਂ ਰਾਹੀਂ ਮੁਕਾਬਲਿਆਂ ਦਾ ਆਨੰਦ ਲੈਣਗੇ।
;
;
;
;
;
;
;
;