JALANDHAR WEATHER

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਕਰੇਗੀ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ- ਜਥੇਦਾਰ ਜਗਦੀਸ਼ ਸਿੰਘ ਝੀਂਡਾ

ਕਰਨਾਲ (ਹਰਿਆਣਾ), 24 ਜੁਲਾਈ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ, ਸ਼ਾਹਬਾਦ ਮਾਰਕੰਡਾ ਦੀ ਸੇਵਾ ਸੰਭਾਲ ਕਰੇਗੀ। ਇਹ ਫ਼ੈਸਲਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕੁਰੂਕਸ਼ੇਤਰ ਵਿਖੇ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ। ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਵਿਚ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਜਦੋਂ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਹਰਿਆਣਾ ਕਮੇਟੀ ਸੰਭਾਲ ਰਹੀ ਹੈ ਤਾਂ ਸ਼ਾਹਬਾਦ ਮਾਰਕੰਡਾ ਵਿਖੇ ਚੱਲ ਰਹੇ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ 'ਤੇ ਵੀ ਹਰਿਆਣਾ ਕਮੇਟੀ ਦਾ ਅਧਿਕਾਰ ਬਣਦਾ ਹੈ।

ਇਸ ਲਈ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ ਸਬੰਧੀ ਪ੍ਰਸਤਾਵ ਵੀ ਕਾਰਜਕਾਰਨੀ ਕਮੇਟੀ ਵਲੋਂ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਮੁੱਦੇ ਨੂੰ ਲੈ ਕੇ 72 ਘੰਟਿਆਂ ਦੇ ਅੰਦਰ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਅੱਜ ਹੋਈ ਮੀਟਿੰਗ ਵਿਚ ਸਾਰੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ, ਸ਼ਾਹਬਾਦ ਮਾਰਕੰਡਾ ਦੀ ਸੇਵਾ ਸੰਭਾਲ 72 ਘੰਟਿਆਂ ਦੇ ਅੰਦਰ ਆਪਣੇ ਹੱਥ ਵਿਚ ਲੈਣ ਦਾ ਪ੍ਰਸਤਾਵ ਪਾਸ ਕੀਤਾ। ਸੀਨੀਅਰ ਉਪ ਪ੍ਰਧਾਨ ਗੁਰਮੀਤ ਸਿੰਘ ਰਾਮਸ਼ਰਣ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ ਦਾ ਕੰਮ ਅਧੂਰਾ ਪਿਆ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਰੋਗ ਸੰਸਥਾਨ ਦੀ ਸੇਵਾ ਸੰਭਾਲ ਸਬੰਧੀ ਰੱਖੇ ਗਏ ਪ੍ਰਸਤਾਵ ਨੂੰ ਸਾਰੇ ਮੈਂਬਰ ਸਾਹਿਬਾਨ ਨੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ। ਮਹਾਸਚਿਵ ਅੰਗਰੇਜ਼ ਸਿੰਘ ਰਾਣੀਆ ਨੇ ਕਿਹਾ ਕਿ ਹਰਿਆਣਾ ਦੀ ਸੰਗਤ ਦੀ ਮੰਗ ਨੂੰ ਪੂਰਾ ਕਰਦਿਆਂ ਹਰਿਆਣਾ ਕਮੇਟੀ ਨੇ ਸ਼ਾਹਬਾਦ ਵਿਖੇ ਚੱਲ ਰਹੇ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਅੱਜ ਦਾ ਦਿਨ ਹਰਿਆਣਾ ਦੀ ਸੰਗਤ ਲਈ ਖੁਸ਼ੀਆਂ ਭਰਿਆ ਹੈ ਕਿਉਂਕਿ ਹਰਿਆਣਾ ਕਮੇਟੀ ਨੇ ਇਕ ਇਤਿਹਾਸਕ ਫ਼ੈਸਲਾ ਲਿਆ ਹੈ। ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਹਰਿਆਣਾ ਕਮੇਟੀ ਨੇ ਸੂਬੇ ਦੀ ਸੰਗਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਤਨਖਾਹਾਂ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਰਨਾ ਸਮਾਪਤ ਕਰਕੇ ਆਪਣੀ-ਆਪਣੀ ਡਿਊਟੀ 'ਤੇ ਵਾਪਸ ਪਰਤਣ।

ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਵੀ ਜਲਦ ਕਰ ਦਿੱਤਾ ਜਾਵੇਗਾ, ਇਸ ਲਈ ਉਨ੍ਹਾਂ ਨੂੰ ਕਮੇਟੀ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਆਪਣਾ ਸੰਘਰਸ਼ ਖਤਮ ਕਰ ਦੇਣਾ ਚਾਹੀਦਾ ਹੈ।ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ, ਕੁਲਦੀਪ ਸਿੰਘ ਮੁਲਤਾਨੀ, ਜਗਤਾਰ ਸਿੰਘ, ਟੀ.ਪੀ. ਸਿੰਘ ਨਾਰਨੌਲ, ਰੁਪਿੰਦਰ ਸਿੰਘ ਪੰਜੋਖਰਾ ਸਾਹਿਬ, ਹਰਿਆਣਾ ਕਮੇਟੀ ਦੇ ਮੁੱਖ ਸਕੱਤਰ ਜਸਵਿੰਦਰ ਸਿੰਘ ਦੀਨਪੁਰ, ਐਡੀਸ਼ਨਲ ਸਕੱਤਰ ਰਾਜਪਾਲ ਸਿੰਘ ਦੁਨੀਆ ਮਾਜਰਾ (ਪੀ.ਏ.), ਐਡੀਸ਼ਨਲ ਸਕੱਤਰ ਸਤਪਾਲ ਸਿੰਘ ਡਾਚਰ, ਐਡੀਸ਼ਨਲ ਸਕੱਤਰ ਨਰਿੰਦਰ ਸਿੰਘ, ਉਪ ਸਕੱਤਰ ਅਮਰਿੰਦਰ ਸਿੰਘ, ਉਪ ਸਕੱਤਰ ਰੁਪਿੰਦਰ ਸਿੰਘ ਅਤੇ ਨਿੱਜੀ ਸਕੱਤਰ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ