JALANDHAR WEATHER

ਸਰਹਿੰਦ ਨਹਿਰ ਵਿਚ ਇਨੋਵਾ ਕਾਰ ਗਿਰੀ, 2 ਨੌਜਵਾਨ ਚਚੇਰੇ ਭਰਾਵਾਂ ਦੀ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 24 ਜੁਲਾਈ (ਰਾਜਦੀਪ ਸਿੰਘ ਅਲਬੇਲਾ/ਗੋਪਾਲ ਸੋਫ਼ਤ/ਕੁਲਵਿੰਦਰ ਸਿੰਘ) -ਮਾਛੀਵਾੜਾ ਨੇੜ੍ਹੇ ਵਗਦੀ ਸਰਹਿੰਦ ਨਹਿਰ ਵਿਚ ਅੱਜ ਤੜਕੇ ਇਨੋਵਾ ਕਾਰ ਸ਼ੱਕੀ ਹਾਲਤਾਂ ਵਿਚ ਗਿਰ ਗਈ ਜਿਸ ਵਿਚ ਸਵਾਰ 2 ਨੌਜਵਾਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਵਿਕਾਸਦੀਪ (19) ਅਤੇ ਅਕਾਸ਼ਦੀਪ (20) ਵਾਸੀ ਪਿੰਡ ਸਿੱਖਾਂਵਾਲਾ, ਜ਼ਿਲਾ ਫਰੀਦਕੋਟ ਵਜੋਂ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਤੇ ਭਤੀਜਾ ਦੋਵੇਂ ਚੰਡੀਗੜ੍ਹ ਤੋਂ ਵਾਪਸ ਫ਼ਰੀਦਕੋਟ ਵੱਲ ਇਨੋਵਾ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ। ਤੜਕੇ 4.30 ਵਜੇ ਦੇ ਕਰੀਬ ਉਸਦਾ ਲੜਕਾ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਦੂਜੇ ਲੜਕੇ ਦੀ ਅਵਾਜ ਆਈ ਕਿ ਫੇਟ ਵੱਜ ਗਈ।

ਪਿਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਵਾਂ ਲੜਕਿਆਂ ਦੇ ਫੋਨ ਬੰਦ ਹੋ ਗਏ। ਅੱਜ ਸਵੇਰੇ ਜਦੋਂ ਉਹ ਲੜਕਿਆਂ ਦੀ ਤਲਾਸ਼ ਕਰਦੇ ਹੋਏ ਸਰਹਿੰਦ ਨਹਿਰ ਕਿਨਾਰੇ ਪੁੱਜੇ ਤਾਂ ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤੜਕੇ ਸਾਢੇ 4 ਵਜੇ ਦੇ ਕਰੀਬ ਇੱਕ ਇਨੋਵਾ ਕਾਰ ਸਰਹਿੰਦ ਨਹਿਰ ਵਿਚ ਗਿਰੀ ਹੈ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਨਹਿਰ ਵਿਚ ਕਾਰ ਅਤੇ ਸਵਾਰ ਦੋਵੇਂ ਚਚੇਰੇ ਭਰਾ ਅਕਾਸ਼ਦੀਪ ਤੇ ਵਿਕਾਸਦੀਪ ਦੀ ਤਲਾਸ਼ ਸ਼ੁਰੂ ਕੀਤੀ। ਦੇਰ ਸ਼ਾਮ ਗੋਤਾਖੋਰਾਂ ਨੇ ਇਨੋਵਾ ਕਾਰ ਨੂੰ ਨਹਿਰ ’ਚੋਂ ਤਲਾਸ਼ ਲਿਆ ਅਤੇ ਫਿਰ ਪੁਲਸ ਵਲੋਂ ਹਾਈਡਰਾ ਮਸ਼ੀਨ ਮੰਗਵਾਈ ਗਈ ਅਤੇ ਕਾਰ ਬਾਹਰ ਕੱਢਿਆ ਗਿਆ। ਜਦੋਂ ਕਾਰ ਬਾਹਰ ਕੱਢੀ ਗਈ ਤਾਂ ਉਸ ਵਿਚ ਸਵਾਰ ਦੋਵੇਂ ਨੌਜਵਾਨ ਚਚੇਰੇ ਭਰਾ ਵਿਕਾਸਦੀਪ ਅਤੇ ਅਕਾਸ਼ਦੀਪ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ। ਪੁਲਸ ਵਲੋਂ ਲਾਸ਼ਾਂ ਨੂੰ ਕਬਜੇ ਵਿਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ।

ਜਦੋਂ ਨਹਿਰ ’ਚੋਂ ਇਨੋਵਾ ਕਾਰ ਬਾਹਰ ਕੱਢੀ ਗਈ ਤਾਂ ਉਸ ਵਿਚੋਂ ਸ਼ਰਾਬ ਦੀਆਂ ਬੋਤਲਾਂ ਗਿਰਨੀਆਂ ਸ਼ੁਰੂ ਹੋ ਗਈਆਂ। ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਤੇ ਭਤੀਜਾ ਚੰਡੀਗੜ੍ਹ ਤੋਂ ਨਾਜਾਇਜ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਹਨ ਜਿਸ ਸਬੰਧੀ ਉਨ੍ਹਾਂ ਨੂੰ ਕਈ ਵਾਰ ਰੋਕਿਆ ਵੀ ਗਿਆ। ਉਨ੍ਹਾਂ ਦੱਸਿਆ ਕਿ ਅੱਜ ਵੀ ਲੜਕੇ ਇਨੋਵਾ ਕਾਰ ਵਿਚ ਨਾਜਾਇਜ ਸ਼ਰਾਬ ਲੱਦ ਕੇ ਚੰਡੀਗੜ੍ਹ ਤੋਂ ਫਰੀਦਕੋਟ ਵੱਲ ਆ ਰਹੇ ਸਨ। ਪਿਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੀ ਨਾਜਾਇਜ਼ ਸ਼ਰਾਬ ਨਾਲ ਲੱਦੀ ਗੱਡੀ ਨੂੰ ਕਿਸੇ ਸ਼ਰਾਬ ਠੇਕੇਦਾਰ ਦੇ ਵਾਹਨ ਨੇ ਫੇਟ ਮਾਰੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਸਾਢੇ 4 ਵਜੇ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਤੇ ਭਤੀਜੇ ਦੇ ਫੋਨ ਬੰਦ ਹਨ ਅਤੇ ਜਾਣਕਾਰੀ ਅਨੁਸਾਰ ਫੇਟ ਵੱਜਣ ਕਾਰਨ ਗੱਡੀ ਨਹਿਰ ਵਿਚ ਗਿਰ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਦੇ ਮੁਖੀ ਹਰਵਿੰਦਰ ਸਿੰਘ, ਐੱਸ.ਟੀ.ਐੱਫ. ਟੀਮਾਂ ਮੌਕੇ ’ਤੇ ਪੁੱਜ ਗਈਆਂ। ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਰਿਸ਼ਤੇ ਵਿਚ ਚਚੇਰੇ ਭਰਾ ਹਨ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਨੋਵਾ ਕਾਰ ਨਹਿਰ ਵਿਚ ਗਿਰ ਗਈ ਹੈ ਜਿਸ ਤੋਂ ਬਾਅਦ ਪੁਲਿਸ ਵਲੋਂ ਕਾਰ ਨੂੰ ਬਾਹਰ ਕਢਵਾਇਆ ਗਿਆ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਥਾਣਾ ਮੁਖੀ ਨੇ ਕਿਹਾ ਕਿ ਇਨੋਵਾ ਕਾਰ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਲੱਦੀ ਹੋਈ ਹੈ ਜਿਸ ਦੀ ਵੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨੋਵਾ ਕਾਰ ਕਿਵੇਂ ਨਹਿਰ ਵਿਚ ਗਿਰੀ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਸਰਹਿੰਦ ਨਹਿਰ ’ਚੋਂ ਜਦੋਂ ਇਨੋਵਾ ਕਾਰ ਬਾਹਰ ਕੱਢੀ ਗਈ ਤਾਂ ਅੰਦਰਲਾ ਦ੍ਰਿਸ਼ ਬੜਾ ਹੌਲਨਾਕ ਸੀ। ਦੋਵੇਂ ਚਚੇਰੇ ਭਰਾ ਅਕਾਸ਼ਦੀਪ ਤੇ ਵਿਕਾਸਦੀਪ ਉੱਪਰ ਸ਼ਰਾਬ ਦੀਆਂ ਪੇਟੀਆਂ ਆ ਡਿੱਗੀਆਂ ਅਤੇ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਦੋਵਾਂ ਦੀਆਂ ਲਾਸ਼ਾਂ ਇਨੋਵਾ ਕਾਰ ਵਿਚ ਸ਼ਰਾਬ ਦੀਆਂ ਪੇਟੀਆਂ ਹੇਠ ਦਬੀਆਂ ਸਨ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢੀਆਂ ਗਈਆਂ। ਇਹ ਨਾਜਾਇਜ ਸ਼ਰਾਬ ਚਚੇਰੇ ਭਰਾਵਾਂ ਦੀ ਮੌਤ ਦਾ ਕਾਰਨ ਬਣੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ