JALANDHAR WEATHER

ਇਰਾਦਾ ਕਤਲ ਦੇ ਮੁਲਜ਼ਮ ਨੂੰ ਫ਼ੜਨ ਗਈ ਪੁਲਿਸ ਪਾਰਟੀ ’ਤੇ ਚਲਾਈਆਂ ਗੋਲੀਆਂ, ਗੰਨਮੈਨ ਅਤੇ ਤਿੰਨ ਸਾਲ ਦੀ ਬੱਚੀ ਗੋਲੀ ਲੱਗਣ ਨਾਲ ਜ਼ਖਮੀ

ਤਰਨ ਤਾਰਨ, 1 ਅਗਸਤ (ਹਰਿੰਦਰ ਸਿੰਘ)- ਤਰਨ ਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਇਰਾਦਾ ਕਤਲ ਦੇ ਕੇਸ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਫੜਨ ਗਈ ਥਾਣਾ ਸਿਟੀ ਦੀ ਪੁਲਿਸ ਪਾਰਟੀ ’ਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਇਸ ਘਟਨਾ ਵਿਚ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ.ਪਰਮਜੀਤ ਸਿੰਘ ਵਿਰਦੀ ਦੇ ਗੰਨਮੈਨ ਭੁਪਿੰਦਰ ਸਿੰਘ ਅਤੇ ਗਲੀ ਵਿਚ ਖੇਡ ਰਹੀ ਇਕ ਤਿੰਨ ਸਾਲ ਦੀ ਲੜਕੀ (ਪੂਜਾ) ਦੇ ਗੋਲੀ ਲੱਗੀ। ਫਿਲਹਾਲ ਗੋਲੀ ਨਾਲ ਜ਼ਖਮੀ ਉਕਤ ਦੋਵੋਂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਪਾਰਟੀ ਨੂੰ ਮੁਰਾਦਪੁਰਾ ਇਲਾਕੇ ਦੇ ਰਹਿਣ ਵਾਲੇ ਪੁੰਗੀ ਨਾਮਕ ਵਿਅਕਤੀ ਇਰਾਦਾ ਕਤਲ ਦੇ ਕੇਸ ਵਿਚ ਲੋੜੀਦਾ ਸੀ, ਉਸ ਨੂੰ ਸੂਚਨਾ ਮਿਲੀ ਕਿ ਇਸ ਸਮੇਂ ਉਹ ਮੁਰਾਦਪੁਰਾ ਵਿਖੇ ਮੌਜੂਦ ਹੈ। ਜਿਸ ’ਤੇ ਪੁਲਿਸ ਪਾਰਟੀ ਨੇ ਜਦ ਮੁਰਾਦਪੁਰਾ ਇਲਾਕੇ ਵਿਚ ਛਾਪਾਮਾਰੀ ਕੀਤੀ ਤਾਂ ਅੱਗੋਂ ਪੁੰਗੀ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ।

ਗੋਲੀ ਲੱਗਣ ਨਾਲ ਥਾਣਾ ਸਿਟੀ ਦੇ ਐੱਸ.ਐੱਚ.ਓ. ਪ੍ਰਮਜੀਤ ਸਿੰਘ ਵਿਰਦੀ ਦਾ ਗੰਨਮੈਨ ਭੁਪਿੰਦਰ ਸਿੰਘ ਦੇ ਚਿਹਰੇ ’ਤੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਜਦਕਿ ਗਲੀ ਵਿਚ ਖੇਡ ਰਹੀ ਪੂਜਾ (3) ਪੁੱਤਰੀ ਨੰਦਨ ਵਾਸੀ ਮੁਰਾਦਪੁਰਾ ਦੇ ਵੀ ਬਾਂਹ ਵਿਚ ਗੋਲੀ ਲੱਗੀ। ਕਾਂਸਟੇਬਲ ਭੁਪਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਦਕਿ ਜ਼ਖਮੀ ਬੱਚੀ ਪੂਜਾ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਅਧੀਨ ਹੈ।

ਦੱਸਿਆ ਜਾ ਰਿਹਾ ਹੈ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਪਾਰਟੀ ਉਪਰ ਗੋਲੀਬਾਰੀ ਦੌਰਾਨ ਸ਼ਾਇਦ ਪੂੰਗੀ ਨਾਮਕ ਵਿਅਕਤੀ ਵੀ ਜ਼ਖਮੀ ਹੋਇਆ ਹੈ। ਇਸ ਸੰਬੰਧ ਵਿਚ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੁਰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ