ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸੈਜ਼ਲੀ ਸਟਰੀਟ ਵੁਲਵਰਹੈਂਪਟਨ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ 2 ਧਿਰਾਂ ਵਿਚਕਾਰ ਬੀਤੇ ਦਿਨੀ ਝਗੜਾ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਝਗੜੇ ਦਾ ਮੁੱਖ ਕਾਰਨ ਮੌਜੂਦਾ ਪ੍ਰਬੰਧਕ ਕਮੇਟੀ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਚੋਣਾਂ ਨਾ ਹੋਣਾ ਦੱਸਿਆ ਜਾ ਰਿਹਾ ਹੈ | ਇਸ ਝਗੜੇ 'ਚ ਜਖ਼ਮੀ ਹੋਏ ਕਪਤਾਨ ਸਿੰਘ ਦੇ ਇਕ ਸਾਥੀ ਨੇ ਦੱਸਿਆ ਕਿ ਇਹ ਝਗੜਾ ਉਸ ਸਮੇਂ ਹੋਇਆ ਜਦੋਂ ਟਰੱਸਟੀ ਮਲਕੀਤ ਸਿੰਘ ਸਟੇਜ ਕੋਲ ਗਏ ਅਤੇ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ, ਜਿਸ ਦੀ ਹਮਾਇਤ ਕਪਤਾਨ ਸਿੰਘ ਨੇ ਕੀਤੀ | ਪਰ ਪ੍ਰਬੰਧਕਾਂ ਨੇ ਸਮਾਂ ਨਹੀਂ ਦਿੱਤਾ, ਮੌਕੇ ਤੇ ਮੌਜੂਦਾ 15-20 ਨੌਜਵਾਨਾਂ ਨੇ ਕਪਤਾਨ ਸਿੰਘ ਨਾਲ ਧੱਕਾਮੁੱਕੀ ਕਰਨ ਲੱਗੇ | ਜਿਸ ਨਾਲ ਕਪਤਾਨ ਸਿੰਘ ਅਤੇ ਕੁਝ ਹੋਰ ਲੋਕ ਜਖ਼ਮੀ ਹੋ ਗਏ | ਜਦੋਂ ਇਸ ਸਬੰਧੀ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ ਤਾਂ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਜਸਪਾਲ ਸਿੰਘ ਨਿੱਝਰ ਦੇ ਇਕ ਹਮਾਇਤੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ, ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਚੱਲ ਰਹੇ ਕਾਰਜ ਕਰਕੇ ਸੰਗਤਾਂ ਦੀ ਸਹਿਮਤੀ ਨਾਲ ਕੁਝ ਸਮਾਂ ਹੋਰ ਦਿੱਤਾ ਗਿਆ ਸੀ | ਦੂਜੇ ਪਾਸੇ ਇਸ ਕਮੇਟੀ ਨੂੰ ਪਹਿਲਾਂ ਵੀ ਪ੍ਰਬੰਧ ਦੇਰੀ ਨਾਲ ਸੌਂਪਿਆ ਗਿਆ ਸੀ | ਪਰ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਗੁਰਦੁਆਰਾ ਸਾਹਿਬ 'ਚ ਚੱਲ ਰਹੇ ਦੀਵਾਨ 'ਚ ਬੋਲ-ਕਬੋਲ ਕੀਤੇ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਕਪਤਾਨ ਸਿੰਘ ਦੇ ਬਿਆਨਾਂ 'ਤੇ ਸ਼ਿਕਾਇਤ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਵੇਂ ਧਿਰਾਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾ ਰਹੀਆਂ ਹਨ |