ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫਤਰ ਨੇ ਕਿਹਾ ਕਿ ਇਸਦਾ ਉਦੇਸ਼ ਡਾਰਕ ਵੈਬ ਦੀ ਗੁਮਨਾਮੀ ਦੀ ਵਰਤੋਂ ਕਰਕੇ ਪਹਿਲੀ ਵਾਰ ਰੂਸ ਤੇ ਹੋਰ ਭੂਗੋਲਿਕ ਖੇਤਰਾਂ 'ਚ ਏਜੰਟਾਂ ਦੀ ਭਰਤੀ ਕਰਨਾ ਹੈ | ਪੋਰਟਲ ਤੱਕ ਪਹੁੰਚ ਕਰਨ ਲਈ ਨਿਰਦੇਸ਼ ਐਮ.ਆਈ. 6 ਦੇ ਪ੍ਰਮਾਣਿਤ ਯੂਟਿਊਬ ਚੈਨਲ 'ਤੇ ਜਨਤਕ ਤੌਰ 'ਤੇ ਉਪਲਬਧ ਹੋਣਗੇ, ਕਿਉਂਕਿ ਬਰਤਾਨੀਆਂ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਸੰਭਾਵੀ ਨਵੇਂ ਏਜੰਟਾਂ ਤੱਕ ਸਰਗਰਮੀ ਨਾਲ ਪਹੁੰਚ ਕਰਦਾ ਹੈ | ਵਿਦੇਸ਼ ਮੰਤਰੀ ਯਵੇਟ ਕੂਪਰ ਨੇ ਕਿਹਾ, ਕਿ ਜਿਵੇਂ-ਜਿਵੇਂ ਦੁਨੀਆ ਬਦਲਦੀ ਹੈ ਤੇ ਸਾਡੇ ਸਾਹਮਣੇ ਆਉਣ ਵਾਲੇ ਖ਼ਤਰੇ ਵਧਦੇ ਹਨ, ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਰਤਾਨੀਆ ਹਮੇਸ਼ਾ ਆਪਣੇ ਵਿਰੋਧੀਆਂ ਤੋਂ ਇਕ ਕਦਮ ਅੱਗੇ ਰਹੇ | ਸਾਡੀਆਂ ਵਿਸ਼ਵ ਪੱਧਰੀ ਖੁਫੀਆ ਏਜੰਸੀਆਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਬਰਤਾਨਵੀ ਲੋਕਾਂ ਦੀ ਰੱਖਿਆ ਲਈ ਪਰਦੇ ਪਿੱਛੇ ਕੰਮ ਕਰ ਰਹੀਆਂ ਹਨ | ਅਸੀਂ ਹੁਣ ਅਤਿ-ਆਧੁਨਿਕ ਤਕਨਾਲੋਜੀ ਨਾਲ ਆਪਣੇ ਯਤਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਐਮ ਆਈ 6 ਰੂਸ ਅਤੇ ਦੁਨੀਆ ਭਰ ਵਿੱਚ ਯੂ ਕੇ ਲਈ ਨਵੇਂ ਜਾਸੂਸਾਂ ਦੀ ਭਰਤੀ ਕਰ ਸਕੇ | 'ਸਾਈਲੈਂਟ ਕੋਰੀਅਰ' ਪਲੇਟਫਾਰਮ ਦੁਨੀਆ 'ਚ ਕਿਤੇ ਵੀ ਅੱਤਵਾਦ ਜਾਂ ਦੁਸ਼ਮਣ ਖੁਫੀਆ ਗਤੀਵਿਧੀਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਵਾਲੇ ਕਿਸੇ ਵੀ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਯੂ.ਕੇ. ਨਾਲ ਸੰਪਰਕ ਕਰਨ ਤੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਦੇ ਯੋਗ ਬਣਾਏਗਾ | ਐਮ.ਆਈ. 6 ਨੇ ਨਵੇਂ ਡਾਰਕ ਵੈਬ ਪੋਰਟਲ ਤੱਕ ਪਹੁੰਚ ਕਰਨ ਵਾਲੇ ਵਿਅਕਤੀਆਂ ਨੂੰ ਕੁਝ ਖੇਤਰਾਂ 'ਚ ਮੌਜੂਦ ਖ਼ਤਰਿਆਂ ਨੂੰ ਘਟਾਉਣ ਲਈ ਭਰੋਸੇਯੋਗ ਵਰਚੁਅਲ ਪ੍ਰਾਈਵੇਟ ਨੈੱਟਵਰਕ ਤੇ ਉਹਨਾਂ ਨਾਲ ਸੰਬੰਧਿਤ ਨਾ ਹੋਣ ਵਾਲੇ ਡਿਵਾਈਸਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ | ਸੀਕ੍ਰੇਟ ਇੰਟੈਲੀਜੈਂਸ ਸਰਵਿਸ, ਜਿਸਨੂੰ ਆਮ ਤੌਰ 'ਤੇ ਐਮ.ਆਈ. 6 ਵਜੋਂ ਜਾਣਿਆ ਜਾਂਦਾ ਹੈ ਬਰਤਾਨੀਆਂ ਦੀ ਵਿਦੇਸ਼ੀ ਖੁਫੀਆ ਏਜੰਸੀ ਹੈ | ਇਹ ਐਲਾਨ ਇਸਤਾਂਬੁਲ 'ਚ ਐਮ.ਆਈ. 6 ਦੇ ਮੁਖੀ ਸਰ ਰਿਚਰਡ ਮੂਰ ਦੁਆਰਾ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਬਰਤਾਨੀਆ ਦੀਆਂ ਖੁਫੀਆ ਸੇਵਾਵਾਂ ਦੁਸ਼ਮਣ ਤੱਤਾਂ ਵਲੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ 'ਖਤਰਿਆਂ ਦਾ ਮੁਲਾਂਕਣ ਕਰਨ ਤੇ ਫੈਸਲੇ ਲੈਣ 'ਚ ਮਹੱਤਵਪੂਰਨ' ਹਨ, ਜਿਸ ਨਾਲ ਸਾਈਲੈਂਟ ਕੋਰੀਅਰ ਵਰਗੇ ਪਲੇਟਫਾਰਮ ਦੇਸ਼ ਨੂੰ ਸੁਰੱਖਿਅਤ ਰੱਖਣ 'ਚ ਹੋਰ ਵੀ ਮਹੱਤਵਪੂਰਨ ਬਣਦੇ ਹਨ |