ਜਲੰਧਰ, 18 ਮਈ (ਐੱਮ. ਐੱਸ. ਲੋਹੀਆ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੱਦੇ 'ਤੇ ਅੱਜ ਰਸੋਈ ਗੈਸ, ਡੀਜ਼ਲ-ਪੈਟਰੋਲ ਤੇ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਮੋਦੀ ਸਰਕਾਰ ਵਲੋਂ ਕੀਤੇ ਗਏ ਅਸਹਿ ਵਾਧੇ ਖ਼ਿਲਾਫ਼ ਸੂਬੇ ਭਰ 'ਚ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਵਿਖੇ ਕਰੀਬ 29 ਜਗ੍ਹਾ 'ਤੇ ਤਿੱਖੇ ਰੋਸ ਵਿਖਾਵੇ ਕੀਤੇ ਗਏ | ਵੱਖੋ-ਵੱਖ ਥਾਈਾ ਹੋਏ ਪ੍ਰਦਰਸ਼ਨਾਂ ਦੌਰਾਨ ਇਕੱਤਰ ਹੋਏ ਕਿਰਤੀ-ਕਿਸਾਨਾਂ, ਮਿਹਨਤਕਸ਼ਾਂ ਨੂੰ ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖ਼ਤਪੁਰ, ਪਰਗਟ ਸਿੰਘ ਜਾਮਾਰਾਏ, ਰਾਜਬਿੰਦਰ ਰਾਣਾ, ਰਤਨ ਸਿੰਘ ਰੰਧਾਵਾ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਦਾਊਦ, ਡਾ. ਸਤਨਾਮ ਸਿੰਘ ਅਜਨਾਲਾ, ਗੋਬਿੰਦ ਛਾਜਲੀ, ਸ਼ਿਵ ਕੁਮਾਰ ਪਠਾਨਕੋਟ, ਸੁਰਿੰਦਰ ਪਾਲ ਸ਼ਰਮਾ, ਨੱਥਾ ਸਿੰਘ ਢੱਡਵਾਲ, ਗੁਰਨਾਮ ਸਿੰਘ ਭੀਖੀ, ਮੋਹਨ ਸਿੰਘ ਧਮਾਣਾ, ਜਸਬੀਰ ਕੌਰ ਨੱਤ, ਪ੍ਰੋਫ਼ੈਸਰ ਜੈਪਾਲ ਸਿੰਘ, ਅਮੀ ਲਾਲ, ਰਘਬੀਰ ਸਿੰਘ ਬੈਨੀਪਾਲ, ਬਲਬੀਰ ਸਿੰਘ ਝਾਮਕਾ, ਸਰਬਜੀਤ ਗਿੱਲ ਨੇ ਸੰਬੋਧਨ ਕੀਤਾ | ਆਗੂਆਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਲੋਂ 28 ਮਈ ਤੱਕ ਕੀਤੀ ਜਾ ਰਹੀ 'ਲੋਕਾਂ ਕੋਲ ਚੱਲੋ' ਮੁਹਿੰਮ ਦੇ ਪਹਿਲੇ ਦਿਨ ਕੀਤੇ ਗਏ ਇਨ੍ਹਾਂ ਰੋਸ ਮੁਜ਼ਾਹਰਿਆਂ ਦੌਰਾਨ ਵਧਦੀ ਮਹਿੰਗਾਈ ਤੇ ਸਰਕਾਰ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਮਿਲੀ ਭੁਗਤ ਨਾਲ ਕੀਤੀ ਜਾ ਰਹੀ ਜ਼ਰੂਰੀ ਵਸਤਾਂ ਦੀ ਕਾਲਾ ਬਾਜ਼ਾਰੀ ਨੂੰ ਵੀ ਸਖ਼ਤੀ ਨਾਲ ਰੋਕੇ ਜਾਣ ਦੀ ਜ਼ੋਰਦਾਰ ਮੰਗ ਉਭਾਰੀ | ਆਗੂਆਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮੌਕਾਪ੍ਰਸਤ ਸਿਆਸੀ ਆਗੂਆਂ ਦਾ ਪੱਲਾ ਛੱਡ ਕੇ ਪੰਜਾਬ-ਪੰਜਾਬੀਅਤ ਨੂੰ ਹਿੰਦੂਤਵੀ-ਮਨੂੰਵਾਦੀ ਗਰੋਹਾਂ ਦੇ ਘਾਤਕ ਹੱਲੇ ਤੋਂ ਬਚਾਉਣ ਲਈ ਇਕਜੁੱਟ ਹੋਣ |
ਮਹਿੰਗਾਈ-ਕਾਲਾਬਾਜ਼ਾਰੀ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਵਲੋਂ ਸੂਬੇ ਭਰ 'ਚ ਪ੍ਰਦਰਸ਼ਨ
ਅਜੀਤ ਡੈਸਕ
19-05-2026