27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜ਼ਮੀਨ ਵਿਵਾਦ ਬਾਰੇ ਜਥੇਦਾਰ ਹਰੀਆਂ ਵੇਲਾਂ ਅਤੇ ਐਡਵੋਕੇਟ ਧਾਮੀ ਨੇ ਕੀਤਾ ਸਪੱਸ਼ਟ

ਅਜੀਤ ਡੈਸਕ 08-06-2026

ਝੂਠਾ ਪ੍ਰਚਾਰ ਕਰਕੇ ਸਾਜਿਸ਼ਾਂ ਰਚਣ ਵਾਲੀਆਂ ਤਾਕਤਾਂ ਨੂੰ ਕੀਤਾ ਜਾਵੇਗਾ ਬੇਨਕਾਬ-ਜਥੇਦਾਰ ਹਰੀਆਂ ਵੇਲਾਂ ਤੇ ਧਾਮੀ
ਅੰਮਿ੍ਤਸਰ, 7 ਜੂਨ (ਹਰਮਿੰਦਰ ਸਿੰਘ)-ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਸਮੇਂ ਤੋਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨਾਲ ਜੁੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਹੀ ਚਰਚਾ ਸੰਬੰਧੀ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਹਰੀਆਂ ਵੇਲਾਂ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਲੋਹ ਲੰਗਰ ਦੀ ਸੰਪਤੀ ਸੰਬੰਧੀ ਫ਼ੈਲਾਈਆਂ ਜਾ ਰਹੀਆਂ ਗੱਲਾਂ ਤੱਥਾਂ ਤੋਂ ਪਰੇ ਹਨ ਅਤੇ ਕੁਝ ਲੋਕ ਵਲੋਂ ਸੰਗਤਾਂ ਵਿਚ ਭੁਲੇਖੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਜਿਹੀਆਂ ਸਾਜਿਸ਼ਾਂ ਨੂੰ ਰਚਣ ਅਤੇ ਇਸ ਪਿਛੇ ਮੌਜੂਦ ਤਾਕਤਾਂ ਨੂੰ ਬੇਨਕਾਬ ਕੀਤਾ ਜਾਵੇਗਾ | ਜਥੇਦਾਰ ਹਰੀਆਂ ਵੇਲਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜਥੇਬੰਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਵੇਲੇ ਜਥੇਬੰਦੀ ਕੋਲ ਸਿਰਫ਼ 9 ਏਕੜ ਖੇਤੀਯੋਗ ਜ਼ਮੀਨ ਸੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ 150 ਏਕੜ ਤੋਂ ਵੱਧ ਜ਼ਮੀਨ ਖਰੀਦ ਕੇ ਲੋਹ ਲੰਗਰ ਦੇ ਨਾਮ 'ਤੇ ਲਗਾਈ ਗਈ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਲੋਹ ਲੰਗਰ ਦੀ ਜ਼ਮੀਨ ਕਾਨੂੰਨੀ ਤੌਰ 'ਤੇ ਨਾ ਵੇਚੀ ਜਾ ਸਕਦੀ ਹੈ, ਨਾ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਤੇ ਨਾ ਹੀ ਇਸ ਨੂੰ ਨਿੱਜੀ ਮਕਸਦ ਲਈ ਵਰਤਿਆ ਜਾ ਸਕਦਾ ਹੈ | ਪ੍ਰੇਮਗੜ੍ਹ, ਹੁਸ਼ਿਆਰਪੁਰ ਦੀ ਜ਼ਮੀਨ ਬਾਰੇ ਬੋਲਦਿਆਂ ਬਾਬਾ ਨਿਹਾਲ ਸਿੰਘ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਨਰਸਰੀ ਵਾਲੇ ਬਾਬਾ ਬਲਕੀਰ ਸਿੰਘ ਨੇ ਆਪਣੀ ਮਰਜ਼ੀ ਨਾਲ ਰਜਿਸਟਰਡ ਵਸੀਅਤ ਰਾਹੀਂ ਆਪਣੀ ਚੱਲ ਤੇ ਅਚੱਲ ਜਾਇਦਾਦ ਉਨ੍ਹਾਂ ਦੇ ਨਾਂਅ ਕੀਤੀ ਸੀ, ਜਿਥੇ ਬਾਬਾ ਬਲਕੀਰ ਸਿੰਘ ਦੀ ਇੱਛਾ ਅਨੁਸਾਰ ਗੁ: ਮਾਤਾ ਸਾਹਿਬ ਕੌਰ ਦਾ ਨਿਰਮਾਣ ਕਰਵਾਇਆ ਗਿਆ ਤੇ ਬਾਅਦ ਵਿਚ ਇਕ ਪਲਾਟ ਬੀਬੀ ਜਸਪਾਲ ਕੌਰ ਦੇ ਨਾਂਅ ਤਬਦੀਲ ਕੀਤਾ ਗਿਆ | ਬੀਬੀ ਜਸਪਾਲ ਕੌਰ ਬਾਰੇ ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਜਥੇਬੰਦੀ ਨਾਲ ਜੁੜੇ ਹਨ ਤੇ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਹਨ | ਪਲਾਟ ਵੇਚਣ ਤੋਂ ਪ੍ਰਾਪਤ ਹੋਈ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿਚ ਮੌਜੂਦ ਹੈ ਜੋ ਸੇਵਾ 'ਤੇ ਹੀ ਖਰਚ ਕੀਤੀ ਜਾਵੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਜਥੇਦਾਰੀ ਹਾਸਿਲ ਕਰਨ ਦੀ ਇੱਛਾ ਕਰਕੇ ਵਿਵਾਦ ਖੜ੍ਹੇ ਕਰ ਰਹੇ ਹਨ | ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਕਿਹਾ ਕਿ ਉਹ ਆਪਣੇ-ਆਪ ਸੇਵਾਦਾਰ ਸਮਝਦੇ ਹਨ ਤੇ ਘੋੜਿਆਂ ਦੀ ਸੇਵਾ ਤੋਂ ਲੈ ਕੇ ਹੋਰ ਕਾਰਜ ਖੁਦ ਕਰਦੇ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਕ ਪਾਸੜ ਗੱਲਾਂ ਚਲਾਈਆਂ ਜਾ ਰਹੀਆਂ ਹਨ ਤੇ ਕਿਸੇ ਵੀ ਦੋਸ਼ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਦੂਜੇ ਪੱਖ ਦਾ ਮਤ ਵੀ ਲਿਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਸ ਗਿਫਟ ਡੀਡ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਵਿਚ ਉਹ ਗਵਾਹ ਦੇ ਤੌਰ 'ਤੇ ਸ਼ਾਮਿਲ ਸਨ | ਇਸਨੂੰ ਲੈ ਕੇ ਉਨ੍ਹਾਂ ਦਾ ਕੋਈ ਨਿੱਜੀ ਹਿੱਤ ਨਹੀਂ ਹੈ | ਉਨ੍ਹਾਂ ਕਿਹਾ ਕਿ ਹਰੀਆਂ ਵੇਲਾਂ ਜਥੇਬੰਦੀ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ ਤੇ ਇਸ ਕਰਕੇ ਉਨ੍ਹਾਂ ਦਾ ਨਾਮ ਵਿਵਾਦ ਵਿਚ ਘਸੀਟਿਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਤਾਕਤਾਂ ਜਾਣ-ਬੁੱਝ ਕੇ ਜਥੇਬੰਦੀ ਤੇ ਉਸ ਦੇ ਮੁਖੀ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜਿਨ੍ਹਾਂ ਨੂੰ ਬੇਨਕਾਬ ਕੀਤਾ ਜਾਵੇਗਾ |

ਪਿਛਲੀ ਖ਼ਬਰ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਤਿੰਨ ਮਹੀਨਿਆਂ ਦੌਰਾਨ 89 ਰੁਪਏ ਦਾ ਵਾਧਾ, ਕਈ ਸ਼ਹਿਰਾਂ 'ਚ ਸਿਲੰਡਰ 1000 ਰੁਪਏ ਦੇ... ਅਗਲੀ ਖ਼ਬਰ ਸੜਕ ਹਾਦਸੇ 'ਚ ਲੜਕੀ ਸਮੇਤ ਤਿੰਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।