26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਤਿੰਨ ਮਹੀਨਿਆਂ ਦੌਰਾਨ 89 ਰੁਪਏ ਦਾ ਵਾਧਾ, ਕਈ ਸ਼ਹਿਰਾਂ 'ਚ ਸਿਲੰਡਰ 1000 ਰੁਪਏ ਦੇ ਨੇੜੇ ਪੁੱਜਾ

ਅਜੀਤ ਡੈਸਕ 08-06-2026

ਚੰਡੀਗੜ੍ਹ, 7 ਜੂਨ (ਸੰਦੀਪ ਕੁਮਾਰ ਮਾਹਨਾ)–ਮਹਿੰਗਾਈ ਦੀ ਮਾਰ ਝੱਲ ਰਹੇ ਖਪਤਕਾਰਾਂ ਨੂੰ ਇਕ ਹੋਰ ਝਟਕਾ ਦਿੰਦਿਆਂ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ 'ਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ | ਨਵੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ | ਇਸ ਵਾਧੇ ਨਾਲ ਪੰਜਾਬ ਦੇ ਕਈ ਸ਼ਹਿਰਾਂ ਵਿਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1000 ਰੁਪਏ ਦੇ ਨੇੜੇ ਪਹੁੰਚ ਗਈ ਹੈ | ਪਿਛਲੇ ਤਿੰਨ ਮਹੀਨਿਆਂ ਦੌਰਾਨ ਇਹ ਦੂਜਾ ਵਾਧਾ ਹੈ, ਜਿਸ ਨਾਲ ਘਰੇਲੂ ਗੈਸ ਸਿਲੰਡਰ ਕੁੱਲ 89 ਰੁਪਏ ਮਹਿੰਗਾ ਹੋ ਚੁੱਕਾ ਹੈ | ਨਵੀਆਂ ਕੀਮਤਾਂ ਅਨੁਸਾਰ ਅੰਮਿ੍ਤਸਰ ਵਿਚ 983 ਰੁਪਏ, ਜਲੰਧਰ ਵਿਚ 971.50 ਰੁਪਏ, ਲੁਧਿਆਣਾ ਵਿਚ ਘਰੇਲੂ ਗੈਸ ਸਿਲੰਡਰ 969 ਰੁਪਏ ਅਤੇ ਫਰੀਦਕੋਟ ਵਿਚ 979.50 ਰੁਪਏ ਵਿਚ ਮਿਲੇਗਾ | ਇਸੇ ਤਰਾਂ ਮੁਹਾਲੀ ਅਤੇ ਚੰਡੀਗੜ੍ਹ ਵਿਚ ਸਿਲੰਡਰ ਦੀ ਕੀਮਤ 922.50 ਰੁਪਏ ਤੋਂ ਵਧ ਕੇ 951.50 ਰੁਪਏ ਹੋ ਗਈ ਹੈ | ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਘਰੇਲੂ ਬਜਟ 'ਤੇ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 7 ਮਾਰਚ ਨੂੰ ਵੀ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ | ਇਸ ਤਰ੍ਹਾਂ ਮਾਰਚ ਤੋਂ ਜੂਨ ਤੱਕ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਘਰੇਲੂ ਸਿਲੰਡਰ 89 ਰੁਪਏ ਮਹਿੰਗਾ ਹੋ ਗਿਆ ਹੈ | ਇਸ ਤੋਂ ਪਹਿਲਾਂ 8 ਅਪ੍ਰੈਲ 2025 ਨੂੰ ਵੀ ਕੇਂਦਰ ਸਰਕਾਰ ਵਲੋਂ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ | ਜਾਣਕਾਰੀ ਅਨੁਸਾਰ ਸਰਕਾਰੀ ਤੇਲ ਕੰਪਨੀਆਂ ਨੇ ਕੀਮਤਾਂ ਵਿਚ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਧ ਰਹੀਆਂ ਊਰਜਾ ਕੀਮਤਾਂ ਅਤੇ ਘਰੇਲੂ ਵਿਕਰੀ 'ਤੇ ਹੋ ਰਹੇ ਨੁਕਸਾਨ ਨੂੰ ਦੱਸਿਆ ਹੈ | ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਘਰੇਲੂ ਸਿਲੰਡਰ 'ਤੇ ਕਰੀਬ 703 ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਸੀ ਅਤੇ ਤਾਜ਼ਾ ਵਾਧਾ ਇਸ ਘਾਟੇ ਦੀ ਕੁਝ ਹੱਦ ਤੱਕ ਭਰਪਾਈ ਕਰੇਗਾ | ਇਸ ਦੌਰਾਨ 5 ਕਿਲੋਗ੍ਰਾਮ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ ਵੀ 11 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਕੀਮਤ 821.50 ਰੁਪਏ ਹੋ ਗਈ ਹੈ | ਇਸ ਤੋਂ ਇਲਾਵਾ 1 ਮਾਰਚ 2026 ਨੂੰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵੀ 31 ਰੁਪਏ ਦਾ ਵਾਧਾ ਕੀਤਾ ਗਿਆ ਸੀ |
ਪੈਟਰੋਲ, ਡੀਜ਼ਲ ਤੇ ਸੀ.ਐਨ.ਜੀ. ਵੀ ਹੋਏ ਮਹਿੰਗੇ
ਐਲ.ਪੀ.ਜੀ. ਤੋਂ ਪਹਿਲਾਂ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ | ਮਈ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੁੱਲ 7.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ, ਜਦਕਿ ਸੀ.ਐਨ.ਜੀ. ਲਗਭਗ 6 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਗਈ ਹੈ | ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪੈਟਰੋਲ 'ਤੇ ਪ੍ਰਤੀ ਲੀਟਰ ਲਗਭਗ 11 ਰੁਪਏ ਅਤੇ ਡੀਜ਼ਲ 'ਤੇ 33.60 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਹੈ | ਇਸਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀ ਵਿੱਕਰੀ ਲਾਗਤ ਤੋਂ ਘੱਟ ਕੀਮਤ 'ਤੇ ਕੀਤੀ ਜਾ ਰਹੀ ਹੈ | ਸਰਕਾਰ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਹੋਏ ਵਾਧੇ ਦਾ ਪੂਰਾ ਭਾਰ ਖਪਤਕਾਰਾਂ 'ਤੇ ਨਹੀਂ ਪਾਇਆ ਗਿਆ ਅਤੇ ਸਰਕਾਰੀ ਤੇਲ ਕੰਪਨੀਆਂ ਵੀ ਇਸ ਦਾ ਇੱਕ ਹਿੱਸਾ ਆਪਣੇ ਪੱਧਰ 'ਤੇ ਝੱਲ ਰਹੀਆਂ ਹਨ |

ਪਿਛਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਦੀ ਬਾਬਾ ਤਰਨਜੀਤ ਸਿੰਘ ਖਾਲਸਾ ਨੂੰ ਕਾਰ ਸੇਵਾ ਦੀ ਜ਼... ਅਗਲੀ ਖ਼ਬਰ ਜ਼ਮੀਨ ਵਿਵਾਦ ਬਾਰੇ ਜਥੇਦਾਰ ਹਰੀਆਂ ਵੇਲਾਂ ਅਤੇ ਐਡਵੋਕੇਟ ਧਾਮੀ ਨੇ ਕੀਤਾ ਸਪੱਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।