ਬਠਿੰਡਾ, 25 ਜੁਲਾਈ (ਵੀਰਪਾਲ ਸਿੰਘ)- ਪੀ.ਐਸ.ਈ.ਬੀ. ਜੁਆਇੰਟ ਫੋਰਮ ਅਤੇ ਏਕਤਾ ਮੰਚ ਪੰਜਾਬ ਦੇ ਸਾਂਝੇ ਸੱਦੇ ‘ਤੇ ਪੰਜਾਬ ਦਾ ਸਮੁੱਚਾ ਬਿਜਲੀ ਕਾਮਾ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਹੈ। ਹੁਣ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਸਮੁੱਚਾ ਮੁਲਾਜ਼ਮ ਸਮੂਹਿਕ ਛੁੱਟੀ ਕਰਕੇ ਪੰਜਾਬ ਦੀਆਂ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਬਠਿੰਡਾ ਵਿਖੇ ਪਾਵਰ ਕਾਮ ਦੀਆਂ ਸਾਂਝੇ ਧੜੇ ਦੀਆਂ ਸਮੂਹ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਅਗਵਾਈ ਹਰਵਿੰਦਰ ਸਿੰਘ ਸੇਖੋਂ, ਭੀਮ ਸੈਨ, ਅਰੁਣ ਕੁਮਾਰ ਬਠਿੰਡਾ, ਚੰਦਰ ਸ਼ਰਮਾ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਵਿਸ਼ਾਲ ਰੋਸ ਮਾਰਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਸ਼ਹਿਰ ਦੇ ਬਾਜ਼ਾਰਾਂ ‘ਚੋਂ ਕੱਢਿਆ ਗਿਆ, ਜੋ ਕਿ ਗੋਲ ਡਿੱਗੀ, ਧੋਬੀ ਬਾਜ਼ਾਰ, ਮਾਲ ਰੋਡ, ਹਨੂਮਾਨ ਚੌਕ, ਅਜੀਤ ਰੋਡ, ਪਾਵਰ ਹਾਊਸ ਰੋਡ ਤੋਂ ਹੁੰਦਾ ਹੋਇਆ ਦਫ਼ਤਰ ਵਿਖੇ ਪਹੁੰਚਿਆ। ਰੋਸ ਮਾਰਚ ਦੇ ਵੱਖ-ਵੱਖ ਪੜਾਵਾਂ ‘ਤੇ ਸਾਂਝੇ ਧੜੇ ਦੇ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ। ਐਮ.ਐਸ.ਯੂ. ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਨ ਸਰਕਾਰ ਮੁਲਾਜ਼ਮਾਂ ਚਲੰਤ ਮਸਲਿਆਂ ਨੂੰ ਦਬਾਉਣ ਲਈ ਤਾਨਾਸ਼ਾਹੀ ਕਰ ਰਹੀ ਹੈ। ਇਸ ਸਮੇਂ ਫੈਡਰੇਸ਼ਨ ਏਟਕ ਦੇ ਸੂਬਾ ਮੀਤ ਪ੍ਰਧਾਨ ਅਰੁਣ ਕੁਮਾਰ ਬਠਿੰਡਾ ਵਲੋਂ ਪਾਵਰਕੌਮ ਮੈਨੇਜਮੈਂਟ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਸਬੰਧੀ ਜਲਦੀ ਮੀਟਿੰਗ ਨਾ ਬੁਲਾਈ ਗਈ ਤਾਂ ਇਸ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਮੀਟਿੰਗ ਕਰਨ ਮਾਮਲੇ ਨੂੰ ਲੈ ਕੇ ਟਾਲਮਟੋਲ ਕਰਨ ਤੇ ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਜਾਰੀ ਰੱਖੀ ਜਾਵੇਗੀ। ਇਸ ਸਮੇਂ ਦੀਪ ਚੰਦ ਸਰਕਲ ਆਗੂ ਐਮ.ਐਸ.ਯੂ., ਰਘਵੀਰ ਸਿੰਘ ਸੈਣੀ ਇੰਪ ਫੈਡਰੇਸ਼ਨ ਚਹਿਲ ਸੂਬਾ ਆਗੂ, ਮਹਿੰਦਰ ਪਾਲ ਸਿੰਘ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਸਕੱਤਰ ਬਠਿੰਡਾ, ਅਵਤਾਰ ਸਿੰਘ ਗ੍ਰੈਡ ਇੰਪਲਾਈਜ਼ ਯੂਨੀਅਨ ਸੂਬਾ ਆਗੂ, ਇਸ ਤੋਂ ਇਲਾਵਾ ਰਾਮ ਕੁਮਾਰ ਹਰਵਿੰਦਰ ਸਿੰਘ ਵਿੱਕੀ, ਸੀਤਾ ਰਾਮ, ਲਛਮਣ ਸਿੰਘ, ਮਨਦੀਪ ਸਿੰਘ, ਲਖਵਿੰਦਰ ਸਿੰਘ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।
ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਬਿਜਲੀ ਕਾਮੇ ਸੜਕਾਂ ’ਤੇ ਉਤਰੇ, ਰੋਸ ਮਾਰਚ ਕੱਢਿਆ
ਅਜੀਤ ਡੈਸਕ
26-07-2026