(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਉਸ ਦੇ ਚਾਚਾ ਜੀ ਕੁਝ ਗੁੱਸੇ ਹੋ ਗਏ | ਕਹਿਣ ਲੱਗੇ, 'ਚਲ ਜਾਹ ਅੰਦਰ ਆਵਦੀ ਮੰਮੀ ਕੋਲ | ਵੱਡੀ ਆਈ ਸਮਝਾਉਣ ਵਾਲੀ.. |'
ਅਨਹਦ ਅੰਦਰ ਚਲੀ ਗਈ |
ਚਾਚਾ ਜੀ ਆਪਣੇ ਦੋਸਤ ਨੂੰ ਕਹਿਣ ਲੱਗੇ, 'ਸਾਡੀ ਇਹ ਕੁੜੀ ਥੋੜ੍ਹੀ ਝੱਲੀ ਏ | ਐਵੇਂ ਪਾਣੀ ਬਚਾਓ ਬਚਾਓ ਦੀ ਰੱਟ ਲਾਈ ਰੱਖਦੀ ਏ | ਨਾਲੇ ਆਪਣਾ ਕਿਹੜਾ ਬਿਲ ਆਉਣੈ...? ਔਹ ਦੇਖੋ.... |'
ਇਹ ਆਖ ਕੇ ਅਨਹਦ ਦੇ ਚਾਚਾ ਜੀ ਨੇ ਮਕਾਨ ਦੇ ਬਾਹਰ ਲੱਗੇ ਖੰਭੇ ਵੱਲ ਇਸ਼ਾਰਾ ਕੀਤੀ | ਖੰਭੇ ਤੋਂ ਸਿੱਧੀ ਕੁੰਡੀ ਲਗਾ ਕੇ ਸਬਮਰਸੀਬਲ ਪੰਪ ਚਲਾਇਆ ਹੋਇਆ ਸੀ |
ਅਨਹਦ ਦੇ ਚਾਚਾ ਜੀ ਨੇ ਵੀ ਕਿਹਾ, 'ਯਾਰ, ਜੁਆਕੜੀ ਠੀਕ ਈ ਤਾਂ ਕਹਿੰਦੀ ਏ | ਉਹਦੀ ਮੰਨ ਲੈਣੀ ਚਾਹੀਦੀ ਸੀ ਤੈਨੂੰ.... | ਚਲੋ ਛੱਡੋ | ਅੱਗੇ ਸੁਣੋ... |'
ਚਾਹ ਪੀ ਕੇ ਅਨਹਦ ਦੇ ਚਾਚਾ ਜੀ ਫਿਰ ਕਾਰ ਧੋਣ ਲੱਗ ਪਏ | ਪਾਣੀ ਉਵੇਂ ਹੀ ਬੇਕਾਰ ਵਗਦਾ ਰਿਹਾ | ਤੀਜੇ ਚੌਥੇ ਦਿਨ ਫਿਰ ਉਹੀ ਹਾਲ ਹੋਇਆ | ਪਾਣੀ ਫਿਰ ਉਵੇਂ ਤੇਜ਼ ਗਤੀ ਨਾਲ ਗਲੀ-ਨਾਲੀ ਵਿਚ ਬੇਕਾਰ ਵਹਿੰਦਾ ਰਿਹਾ | ਅਨਹਦ ਆਪਣੇ ਚਾਚਾ ਜੀ ਕੋਲ ਆਈ | ਕਹਿਣ ਲੱਗੀ, 'ਚਾਚਾ ਜੀ, ਮੈਂ ਤੁਹਾਡੀ ਪ੍ਰਧਾਨ ਮੰਤਰੀ ਜੀ ਕੋਲ ਸ਼ਿਕਾਇਤ ਕਰਾਂਗੀ |'
ਇਹ ਸੁਣ ਕੇ ਉਸ ਦੇ ਚਾਚਾ ਜੀ ਜ਼ੋਰ ਨਾਲ ਹੱਸਣ ਲੱਗ ਪਏ | ਕਹਿਣ ਲੱਗੇ, 'ਅੱਛਿਆ? ਪ੍ਰਧਾਨ ਮੰਤਰੀ ਜੀ ਕੋਲ? ਮੂੰਹ ਤਾਂ ਅਜੇ ਤੈਨੂੰ ਧੋਣਾ ਨਹੀਂ ਆਉਂਦਾ | ਸ਼ਕਲ ਵੇਖੀ ਏ ਆਪਣੀ? ਵੱਡੀ ਆਈ ਏ ਪ੍ਰਧਾਨ ਮੰਤਰੀ ਕੋਲ ਮੇਰੀ ਸ਼ਿਕਾਇਤ ਕਰਨ ਵਾਲੀ.. | ਨਾਲੇ ਪ੍ਰਧਾਨ ਮੰਤਰੀ ਤਾਂ ਤੇਰੀ ਸ਼ਿਕਾਇਤ ਨੂੰ ਹੀ ਉਡੀਕ ਰਹੇ ਹੋਣਗੇ... |'
ਇਹ ਸੁਣ ਕੇ ਅਨਹਦ ਨੂੰ ਵੀ ਗੁੱਸਾ ਚੜ੍ਹ ਆਇਆ |
'ਚੜ੍ਹਨਾ ਈ ਸੀ | ਉਹਦੇ ਚਾਚੇ ਦੀ ਗ਼ਲਤੀ ਜੁ ਸੀ | ਉਨ੍ਹਾਂ ਨੂੰ ਅਨਹਦ ਦੀ ਗੱਲ ਮੰਨਣੀ ਚਾਹੀਦੀ ਸੀ |' ਨਾਨੀ ਜੀ ਨੇ ਅਨਹਦ ਦਾ ਪੱਖ ਪੂਰਦਿਆਂ ਕਿਹਾ |
ਸਿਮਰਨ ਨੇ ਗੱਲ ਜਾਰੀ ਰੱਖੀ, 'ਅਨਹਦ ਕਹਿੰਦੀ, ਚਾਚਾ ਜੀ, ਤੁਸੀਂ ਮੈਨੂੰ ਜੋ ਮਰਜ਼ੀ ਕਹੀ ਜਾਵੋ | ਮੈਨੂੰ ਇਸ ਦੀ ਪ੍ਰਵਾਹ ਨਹੀਂ ਪਰ ਮੈਂ ਤੁਹਾਡੀ ਸ਼ਿਕਾਇਤ ਜ਼ਰੂਰ ਕਰਾਂਗੀ ਕਿ ਤੁਸੀਂ ਬਹੁਤ ਲਾਪਰਵਾਹ ਹੋ | ਪਾਣੀ ਬੇਕਾਰ ਨਸ਼ਟ ਕਰਦੇ ਰਹਿੰਦੇ ਹੋ |'
ਸਿਮਰਨ ਦੇ ਨਾਨੀ ਜੀ ਤੇ ਮੰਮਾ ਉਸ ਦੀ ਕਹਾਣੀ ਸੁਣਦਿਆਂ ਹੁੰਘਾਰੇ ਭਰ ਰਹੇ ਸਨ | ਕਹਾਣੀ ਅੱਗੇ ਵਧ ਰਹੀ ਸੀ |
ਸਿਮਰਨ ਬੋਲਿਆ, 'ਫੇਰ ਅਗਲੇ ਦਿਨ ਅਨਹਦ ਨੇ ਇਕ ਪੇਪਰ ਲਿਆ | ਉਹ ਵਿਹੜੇ ਵਿਚ ਚਟਾਈ ਵਿਛਾ ਕੇ ਕੁਝ ਲਿਖਣ ਲੱਗੀ |
ਅਨਹਦ ਨੂੰ ਕੁਝ ਲਿਖਣ ਵਿਚ ਇੰਨੀ ਮਗਨ ਵੇਖ ਕੇ ਚਾਚੀ ਜੀ ਉਹਦੇ ਪਿੱਛੇ ਦੱਬੇ ਪੈਰੀਂ ਜਾ ਖੜੋਤੇ | ਉਹ ਆਪਣੀ ਲਿਖਿਆ ਹੋਇਆ ਬੋਲ ਕੇ ਪੜ੍ਹ ਰਹੀ ਸੀ | ਪਿੱਛੋਂ ਚਾਚੀ ਜੀ ਵੀ ਤੇਜ਼ੀ ਨਾਲ ਉਹਦਾ ਲਿਖਿਆ ਪੜ੍ਹਨ ਲੱਗੇ, 'ਅੰਕਲ ਪ੍ਰਧਾਨ ਮੰਤਰੀ ਜੀ, ਮੇਰੇ ਚਾਚਾ ਜੀ ਦਾ ਨਾਂ ਬਲਚਰਨ ਸਿੰਘ ਹੈ | ਉਹ ਬਹੁਤ ਲਾਪਰਵਾਹ ਹਨ | ਪਾਣੀ ਬਹੁਤ ਬਰਬਾਦ ਕਰਦੇ ਹਨ | ਜੇ ਮੈਂ ਰੋਕਾਂ ਤਾਂ ਮੈਨੂੰ ਅਵਾ-ਤਵਾ ਬੋਲਦੇ ਹਨ | ਤੁਹਾਨੂੰ ਤਾਂ ਪਤਾ ਹੀ ਹੈ, ਜੇ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਕਿਵੇਂ ਜੀਵਾਂਗੇ? ਤੁਸੀਂ ਚਾਚਾ ਜੀ ਨੂੰ ਆ ਕੇ ਗਿ੍ਫ਼ਤਾਰ ਕਰ ਲਵੋ | ਉਨ੍ਹਾਂ ਨੂੰ ਠਾਣੇ ਵਿਚ ਬੰਦ ਕਰਵਾ ਦੇਵੋ | ਮੈਂ ਸਾਡੇ ਘਰ ਦਾ ਪਤਾ ਲਿਖ ਰਹੀ ਹਾਂ | ਸਾਡਾ ਘਰ ਸਰਕਾਰੀ ਸਕੂਲ ਵਾਲੀ ਪਿਛਲੀ ਗਲੀ ਵਿਚ ਹੈ | ਸੁਭਾਸ਼ ਅੰਕਲ ਦੀ ਆਟੇ ਵਾਲੀ ਚੱਕੀ ਕੋਲ | ਤੁਸੀਂ ਪਰਸੋਂ ਤੱਕ ਜ਼ਰੂਰ ਆ ਜਾਣਾ | ਮੈਨੂੰ ਛੁੱਟੀ ਹੈ ਤੇ ਚਾਚਾ ਜੀ ਨੇ ਹਰ ਹਾਲਤ ਵਿਚ ਕਾਰ ਧੋਣ ਵੇਲੇ ਪਾਣੀ ਬੇਕਾਰ ਕਰਨਾ ਹੀ ਹੈ | ਨਾਲੇ ਤੁਸੀਂ ਆਪਣੇ ਅੱਖੀਂ ਵੇਖ ਲਵੋਗੇ | ਮੈਂ ਸਵੇਰੇ ਆਪਣੇ ਘਰ ਦੇ ਬਾਹਰ ਸਵੇਰੇ ਦਸ ਵਜੇ ਖੜ੍ਹੀ ਹੋ ਜਾਵਾਂਗੀ | ਬੱਸ ਤੁਸੀਂ ਉਨ੍ਹਾਂ ਨੂੰ ਜ਼ਰੂਰ ਸਬਕ ਸਿਖਾ ਦਿਉ | ਸਾਡੇ ਕੋਲੋਂ ਤਾਂ ਉਹ ਸਮਝਦੇ ਨਹੀਂ ਹਨ |
ਅਨਹਦ |
ਕਲਾਸ ਤੀਜੀ |'
ਚਾਚਾ ਜੀ ਸ਼ਾਮ ਨੂੰ ਦੋਸਤਾਂ ਮਿੱਤਰਾਂ ਨਾਲ ਘੁੰਮ ਫਿਰ ਕੇ ਘਰ ਆਏ | ਰੋਟੀ ਖਾਣ ਤੋਂ ਬਾਅਦ ਚਾਚੀ ਜੀ ਨੇ ਅਨਹਦ ਦੇ ਚਾਚਾ ਜੀ ਨੂੰ ਕਿਹਾ, 'ਤੁਹਾਨੂੰ ਸਿਮਰਨ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਏ | ਜਿਹੜੀ ਚਿੰਤਾ ਉਸ ਬਾਲੜੀ ਨੂੰ ਏ, ਉਹ ਤੁਹਾਨੂੰ ਨਹੀਂ |' ਫਿਰ ਉਨ੍ਹਾਂ ਅਨਹਦ ਦੇ ਪੱਤਰ ਵਾਲੀ ਗੱਲ ਵੀ ਸੁਣਾਈ |
ਜਦੋਂ ਅਨਹਦ ਹੋਮ ਵਰਕ ਕਰ ਰਹੀ ਸੀ ਤਾਂ ਚਾਚਾ ਜੀ ਨੇ ਅਨਹਦ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ ਤੇ ਕਹਿਣ ਲੱਗੇ, 'ਬੇਟੇ, ਮੈਂ ਤੇਰੇ ਕੋਲੋਂ ਮਾਫ਼ੀ ਮੰਗਦਾ ਹਾਂ | ਅੱਗੇ ਤੋਂ ਕਦੇ ਅਜਿਹਾ ਨਹੀਂ ਹੋਵੇਗਾ |'
'ਅਨਹਦ ਹੈਰਾਨ ਸੀ ਅਤੇ ਖ਼ੁਸ਼ ਵੀ | ਸੋਚ ਰਹੀ ਸੀ, 'ਅਜੇ ਤਾਂ ਪ੍ਰਧਾਨ ਮੰਤਰੀ ਜੀ ਨੂੰ ਪੱਤਰ ਡਾਕਖਾਨੇ ਵਿਚ ਪਾਇਆ ਵੀ ਨਹੀਂ, ਇਸ ਦਾ ਅਸਰ ਪਹਿਲਾਂ ਹੀ ਹੋ ਗਿਆ ਹੈ? ਕਮਾਲ ਹੈ... |'
ਉਸ ਦਿਨ ਤੋਂ ਅਨਹਦ ਦੇ ਚਾਚਾ ਜੀ ਨੇ ਪਾਣੀ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ |'
ਵਾਹ ਬੱਚੇ ਹੋਣ ਤਾਂ ਤੇਰੇ ਤੇ ਅਨਹਦ ਵਰਗੇ ਜਿਹੜੇ ਬੂੰਦ-ਬੂੰਦ ਬਚਾਉਣ ਲਈ ਯਤਨ ਕਰਦੇ ਰਹਿੰਦੇ ਨੇ.. |' ਨਾਨੀ ਜੀ ਨੇ ਕਿਹਾ |
(ਚਲਦਾ)
-ਮੋਬਾਈਲ : 9814423703