ਰਾਵੀ ਦਰਿਆ ਨਜ਼ਦੀਕ ਸੜਕ 'ਤੇ ਪਏ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਤੇ ਆਰਮੀ ਵਲੋਂ ਸੰਭਾਲਿਆ ਮੋਰਚਾ
ਰਮਦਾਸ/ਅਜਨਾਲਾ, 17 ਅਗਸਤ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)- ਰਾਵੀ ਦਰਿਆ 'ਚ ਬੀਤੇ ਕੱਲ੍ਹ ਅਚਾਨਕ ਪਾਣੀ ਵਧਣ ਕਾਰਨ ਸੜਕ ਟੁੱਟ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਰਕਤ 'ਚ ਆਉਂਦਿਆਂ ਆਰਮੀ ਦੀ ਸਹਾਇਤਾ ਨਾਲ ਸੜਕ ਨੂੰ ਮੁੜ ਮੁਰੰਮਤ ਕਰਨ ਦਾ ਕੰਮ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ 'ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਐੱਸ.ਡੀ.ਐੱਮ. ਅਜਨਾਲਾ ਅਮਨਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਰਾਵੀ ਦਰਿਆ 'ਚ ਮੁੜ ਪਾਣੀ ਛੱਡਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੜਕ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਆਰਮੀ ਦੀ ਮਦਦ ਨਾਲ ਜਲਦ ਨੇਪਰੇ ਚਾੜ੍ਹਿਆ ਜਾਵੇਗਾ।