ਚੋਰਾਂ ਨੇ ਫੈਕਟਰੀ ਵਰਕਰ ਦੀ ਕੀਤੀ ਹੱਤਿਆ
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਜਸਪਾਲ ਬਾਂਗਰ ਸਥਿਤ ਇਕ ਫ਼ੈਕਟਰੀ ਵਿਚ ਇਕ ਦਰਜਨ ਦੇ ਕਰੀਬ ਚੋਰਾਂ ਵਲੋਂ ਦੇਰ ਰਾਤ ਧਾਵਾ ਬੋਲ ਦਿੱਤਾ ਗਿਆ। ਫ਼ੈਕਟਰੀ ਅੰਦਰ ਦਾਖ਼ਲ ਹੋਏ ਚੋਰਾਂ ਨੂੰ ਵੇਖਦਿਆਂ ਉੱਥੇ ਮੌਜੂਦ ਵਰਕਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਥੇ ਕੁਝ ਲੋਕ ਇਕੱਠੇ ਹੋਏ। ਅਜਿਹਾ ਹੁੰਦਾ ਵੇਖ ਕੇ ਚੋਰਾਂ ਨੇ ਉਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਚੋਰਾਂ ਵਲੋਂ ਚਲਾਈ ਗਈ ਗੋਲੀ ਫ਼ੈਕਟਰੀ ਵਰਕਰ ਭਿਵਾਨੀ ਸਿੰਘ ਦੇ ਜਾ ਲੱਗੀ ਤੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।