JALANDHAR WEATHER

ਸ੍ਰੀ ਦਰਬਾਰ ਸਾਹਿਬ ਵਿਖੇ ਆਨਲਾਈਨ ਕਮਰਾ ਰਾਖਵਾਂ ਕਰਨ ਸਮੇਂ ਸੰਗਤਾਂ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰਨ : ਮੈਨੇਜਰ

ਅੰਮ੍ਰਿਤਸਰ,19 ਜੂਨ (ਜਸਵੰਤ ਸਿੰਘ ਜੱਸ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਆਨਲਾਈਨ ਕਮਰਾ ਰਾਖਵਾਂ ਕਰਨ ਸਮੇਂ ਕੇਵਲ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰਨ ਅਤੇ ਕਮਰੇ ਦੀ ਭੇਟਾ ਜਮ੍ਹਾ ਕਰਵਾਉਣ ਸਮੇਂ ਸਰਾਵਾਂ ਦੇ ਮੈਨੇਜਰ ਨਾਲ ਸੰਪਰਕ ਕਰਕੇ ਪੁਸ਼ਟੀ ਕੀਤੀ ਜਾਵੇ। ਇਸ ਸੰਬੰਧੀ ਸੰਗਤ ਨੂੰ ਅਪੀਲ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਪਿਛਲੇ ਦਿਨਾ ਤੋਂ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਵਿਚ ਆਨਲਾਈਨ ਕਮਰਾ ਰਾਖਵਾਂ ਕਰਨ ਲਈ ਇਕ ਜਾਅਲੀ ਵੈੱਬਸਾਈਟ ਬਣਾ ਕੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸ਼੍ਰੋਮਣੀ ਕਮੇਟੀ ਵਲੋਂ ਇਸ ਸੰਬੰਧ ਵਿਚ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਠੱਗੀ ਮਾਰਨ ਵਾਲਿਆਂ ਦਾ ਬੈਂਕ ਖਾਤਾ ਵੀ ਸੀਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਠੱਗੀ ਮਾਰਨ ਵਾਲੇ ਵਿਅਕਤੀਆਂ ਵਲੋਂ ਸਾਰਾਗੜ੍ਹੀ ਸਰਾਂ ਦੇ ਨਾਂਅ 'ਤੇ ਜਾਅਲੀ ਵੈੱਬਸਾਈਟ ਜਾਂ ਪੋਰਟਲ ਬਣਾਇਆ ਹੋਇਆ ਹੈ, ਜਿਸ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ, ਜਿਸ ਕਰਕੇ ਸ਼ਰਧਾਲੂ ਸਰਾਂ ਦੀ ਬੁਕਿੰਗ ਦੇ ਨਾਂਅ'ਤੇ ਝਾਂਸੇ ਹੇਠ ਆ ਜਾਂਦੇ ਹਨ। ਸ. ਧੰਗੇੜਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਨਕਲੀ ਵੈੱਬਸਾਈਟ ਅਤੇ ਠੱਗਾਂ ਤੋਂ ਸੁਚੇਤ ਰਹਿਣ ਅਤੇ ਆਨਲਾਈਨ ਕਮਰਾ ਰਾਖਵਾਂ ਕਰਵਾਉਣ ਸਮੇਂ ਭੇਟਾ ਜਮ੍ਹਾ ਕਰਵਾਉਣ ਤੋਂ ਪਹਿਲਾਂ ਸਰਾਵਾਂ ਦੇ ਮੈਨੇਜਰ ਨਾਲ ਫੋਨ 'ਤੇ ਗੱਲਬਾਤ ਕਰਕੇ ਪੁਸ਼ਟੀ ਜ਼ਰੂਰ ਕਰਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ