ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਅੱਜ ਲਿਆਂਦਾ ਜਾਵੇਗਾ ਭਾਰਤ
ਨਾਭਾ, 22 ਅਗਸਤ- ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਉਸ ਨੂੰ ਸ਼ਾਮ 4 ਵਜੇ ਦਿੱਲੀ ਹਵਾਈ ਅੱਡੇ ’ਤੇ ਲਿਆਂਦਾ ਜਾਵੇਗਾ। ਹਾਂਗਕਾਂਗ ਤੋਂ ਉਸ ਦੀ ਹਵਾਲਗੀ ਦੀ ਮਨਜ਼ੂਰੀ ਮਿਲ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਲਿਆਉਣ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਦਿੱਲੀ ਪਹੁੰਚ ਗਈਆਂ ਹਨ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਨੇ ਉਸ ਨੂੰ ਭਾਰਤ ਲਿਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਫੜਨ ਲਈ ਐੱਸ.ਪੀ., ਦੋ ਡੀ.ਐੱਸ.ਪੀਜ਼ ਸਮੇਤ ਛੇ ਮੈਂਬਰਾਂ ਦੀ ਟੀਮ ਹਾਂਗਕਾਂਗ ਉਸ ਨੂੰ ਲੈਣ ਗਈ ਹੈ। ਉਸ ਵਿਰੁੱਧ ਪੰਜਾਬ ਵਿੱਚ ਤਿੰਨ ਕੇਸ ਦਰਜ ਹਨ। ਰੋਮੀ ਨੂੰ ਸਾਲ 2016 ਵਿਚ ਹਾਂਗਕਾਂਗ ਵਿਖੇ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਨੇ ਕੇਂਦਰ ਸਰਕਾਰ ਦੇ ਸਾਹਮਣੇ ਇਸ ਦਾ ਮੁੱਦਾ ਚੁੱਕਿਆ ਸੀ, ਜਿਸ ਦੇ ਨਾਲ ਹੀ ਉਸ ਨੂੰ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਹੋ ਗਈ ਸੀ। ਜਾਣਕਾਰੀ ਅਨੁਸਾਰ ਰੋਮੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਅਤੇ ਉਸ ਦੇ ਸਾਲ 2016-17 ਵਿਚ ਜਲੰਧਰ ਤੇ ਲੁਧਿਆਣਾ ’ਚ ਹੋਏ ਕਤਲਾਂ ਵਿਚ ਸ਼ਾਮਿਲ ਹੋਣ ਦਾ ਵੀ ਸ਼ੱਕ ਹੈ। ਉਸ ਨੂੰ ਅੱਜ ਸ਼ਾਮ ਨਾਭਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।