ਟਰੰਪ ਵਲੋਂ ਬ੍ਰਿਕਸ ਦੇਸ਼ਾਂ ਨੂੰ 10% ਵਾਧੂ ਟੈਰਿਫ ਲਗਾਉਣ ਦੀ ਧਮਕੀ

ਵਾਸ਼ਿੰਗਟਨ, ਡੀ.ਸੀ. 7 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ, ਟਰੰਪ ਨੇ ਐਲਾਨ ਕੀਤਾ ਕਿ ਜੋ ਵੀ ਦੇਸ਼ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਵਿਚ ਸ਼ਾਮਿਲ ਹੁੰਦਾ ਹੈ, ਉਸ ਨੂੰ ਵਸਤੂਆਂ ’ਤੇ 10 ਪ੍ਰਤੀਸ਼ਤ ਵਾਧੂ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕਾ ਦੁਆਰਾ ਦੁਨੀਆ ਭਰ ਦੇ ਦੇਸ਼ਾਂ ਵਿਰੁੱਧ ਲਗਾਏ ਗਏ ਜਵਾਬੀ ਟੈਰਿਫ ਦੀ ਆਖਰੀ ਮਿਤੀ 9 ਜੁਲਾਈ ਨੂੰ ਖਤਮ ਹੋ ਰਹੀ ਹੈ। ਦੂਜੇ ਪਾਸੇ, 17ਵਾਂ ਬ੍ਰਿਕਸ ਸੰਮੇਲਨ ਬ੍ਰਾਜ਼ੀਲ ਵਿਚ ਚੱਲ ਰਿਹਾ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ’ਤੇ ਆਪਣੇ ਕਾਰਡ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੱਖ ਵੱਖ ਦੇਸ਼ਾਂ ਨਾਲ ਅਮਰੀਕਾ ਦੇ ਟੈਰਿਫ਼ ਪੱਤਰਾਂ ਤੇ ਸੌਦਿਆਂ ਦਾ ਐਲਾਨ ਅੱਜ ਕੀਤਾ ਜਾਵੇਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ, ਟਰੰਪ ਨੇ ਕਿਹਾ ਕਿ ਇਹ ਪੱਤਰ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਨੂੰ ਭੇਜੇ ਜਾਣਗੇ।
ਇਸ ਤੋਂ ਪਹਿਲਾਂ, 9 ਅਪ੍ਰੈਲ ਨੂੰ, ਟਰੰਪ ਨੇ ਟੈਰਿਫ ਲਾਗੂ ਕਰਨ ਨੂੰ 3 ਮਹੀਨਿਆਂ ਲਈ ਰੋਕ ਦਿੱਤਾ ਸੀ। ਇਹ ਮਿਆਦ 9 ਜੁਲਾਈ ਨੂੰ ਖਤਮ ਹੋ ਰਹੀ ਹੈ। ਆਪਣੇ ਬਿਆਨ ਵਿਚ ਬ੍ਰਿਕਸ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਟਰੰਪ ਨੇ ਲਿਖਿਆ ਕਿ ਇਸ ਨੀਤੀ ਵਿਚ ਕੋਈ ਅਪਵਾਦ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ! ਟਰੰਪ ਦਾ ਇਹ ਬਿਆਨ ਬ੍ਰਿਕਸ ਦੇਸ਼ਾਂ ਦੇ ਵਧਦੇ ਵਿਰੋਧ ਵਿਰੁੱਧ ਅਮਰੀਕੀ ਪ੍ਰਸ਼ਾਸਨ ਦੇ ਸਖ਼ਤ ਰੁਖ਼ ਨੂੰ ਦਰਸਾਉਂਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਸਟੈਂਡ ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਮੀਟਿੰਗ ਦੇ ਸਾਂਝੇ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਵਪਾਰ ਅਤੇ ਵਿੱਤ ਨਾਲ ਸੰਬੰਧਿਤ ਕਾਰਵਾਈਆਂ ਦੇ ਇਕਪਾਸੜ ਥੋਪਣ ਵਿਰੁੱਧ ਆਵਾਜ਼ ਉਠਾਈ ਗਈ ਹੈ।