ਮਾਪਿਆਂ ਦੇ ਇਕਲੌਤੇ ਪੁੱਤ ਦੀ ਚਿੱਟੇ ਨਾਲ ਮੌਤ

ਕੋਟਫੱਤਾ (ਬਠਿੰਡਾ), 7 ਜੁਲਾਈ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਚਹਿਲ ਪੱਤੀ ਦੇ ਵਸਨੀਕ 22 ਸਾਲਾਂ ਨੌਜਵਾਨ ਹੈਵਨਦੀਪ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਕਿ ਹੈਵਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਨੌਜਵਾਨ ਦੀ ਇਕ ਭੈਣ ਕੈਨੇਡਾ ’ਚ ਪੜਾਈ ਕਰ ਰਹੀ ਹੈ। ਨੌਜਵਾਨ ਲੰਬੇ ਸਮੇਂ ਤੋਂ ਚਿੱਟੇ ਦਾ ਆਦੀ ਸੀ ਤੇ ਨਸ਼ਾ ਛੁਡਾਉ ਹਸਪਤਾਲਾਂ ’ਚ ਭਰਤੀ ਕਰਵਾਉਣ ਦੇ ਬਾਵਜੂਦ ਵੀ ਨੌਜਵਾਨ ਇਸ ਪਾਸੇ ਤੋਂ ਆਪਣੇ ਆਪ ਨੂੰ ਮੋੜ ਨਾ ਸਕਿਆ।
ਪਰਿਵਾਰ ਦੇ ਦੱਸਣ ਅਨੁਸਾਰ ਘਰ ਵਿਚ ਦੋਵੇਂ ਮਾਂ ਪੁੱਤ ਹੀ ਰਹਿੰਦੇ ਸਨ ਕਿ ਬੀਤੇ ਕੱਲ੍ਹ ਮਾਤਾ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ । ਇਸ ਪਿਛੋਂ ਨੌਜਵਾਨ ਨੇ ਕਮਰੇ ਅੰਦਰ ਵੜ ਕੇ ਕੁੰਡੀ ਲਗਾ ਕੇ ਚਿੱਟੇ ਦਾ ਟੀਕਾ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮਾਤਾ ਦੇ ਘਰ ਵਾਪਸ ਆਉਣ ਜਦੋਂ ਉਸ ਨੇ ਕਮਰੇ ’ਚ ਦਰਵਾਜ਼ੇ ਤੋਂ ਅੰਦਰ ਝਾਕ ਕੇ ਦੇਖਿਆ ਤਾਂ ਨੌਜਵਾਨ ਮਿ੍ਰਤਕ ਹਾਲਤ ’ਚ ਪਿਆ ਸੀ। ਪਰਿਵਾਰ ਵਲੋਂ ਮਿਸਤਰੀ ਬੁਲਾ ਕੇ ਘਰ ਦਾ ਦਰਵਾਜ਼ਾ ਤੋੜਿਆ ਗਿਆ ਤੇ ਨੌਜਵਾਨ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।
ਪਰਿਵਾਰ ਤੇ ਨਗਰ ਦੇ ਮੋਹਤਬਰਾਂ ਦਾ ਕਹਿਣਾ ਸੀ ਕਿ ਕੋਟਸ਼ਮੀਰ ਵਿਚ ਚਿੱਟੇ ਦੀ ਸਪਲਾਈ ਬਹੁਤ ਜ਼ਿਆਦਾ ਹੈ, ਜਿਸ ਕਰਕੇ ਨੌਜਵਾਨਾਂ ਨੂੰ ਚਿੱਟਾ ਲੱਭਣ ਲਈ ਘਰ ਤੋਂ ਬਹੁਤੀ ਦੂਰ ਨਹੀਂ ਜਾਣਾ ਪੈਂਦਾ ਤੇ ਮੌਤ ਉਨ੍ਹਾਂ ਦੇ ਘਰ ਦੇ ਬੂਹੇ ਅੱਗੇ ਆ ਕੇ ਖੁਦ ਆਵਾਜ਼ਾਂ ਮਾਰਦੀ ਹੈ। ਜਦੋਂ ਕੋਟਸ਼ਮੀਰ ਵਿਚ ਚਿੱਟੇ ਦੀ ਆਮ ਸਪਲਾਈ ਲਈ ਚੌਂਕੀ ਇੰਚਾਰਜ ਫਰਵਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਦਾ ਫੋਨ ਕਵਰੇਜ ਖੇਤਰ ਤੋਂ ਬਾਹਰ ਹੀ ਰਿਹਾ।