ਬੇਕਾਬੂ ਹੋ ਨਹਿਰ ’ਚ ਡਿੱਗੀ ਕਾਰ, ਨੌਜਵਾਨ ਦੀ ਮੌਤ

ਮਹਿਲ ਕਲਾਂ, (ਬਰਨਾਲਾ), 8 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਸਹਿਜੜਾ (ਬਰਨਾਲਾ) ਦੇ ਇਕ ਨੌਜਵਾਨ ਦੀ ਆਲਟੋ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਨਾਲ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (43 ) ਪੁੱਤਰ ਜਗਰੂਪ ਸਿੰਘ ਵਾਸੀ ਸਹਿਜੜਾ ਆਪਣੀ ਆਲਟੋ ਕਾਰ ’ਤੇ ਸਵਾਰ ਹੋ ਕੇ ਪਿੰਡ ਬਾਹਮਣੀਆਂ ਤੋਂ ਦੱਧਾਹੂਰ ਲਿੰਕ ਸੜਕ ਰਾਹੀਂ ਬਠਿੰਡਾ ਬ੍ਰਾਂਚ ਨਹਿਰ ਦੇ ਪੁੱਲ ਦੱਦਾਹੂਰ ਮੁੱਖ ਮਾਰਗ ਵੱਲ ਆ ਰਿਹਾ ਸੀ, ਜਦੋਂ ਕਾਰ ਨੂੰ ਪਟੜੀ ਉੱਤੇ ਚੜਾਉਣ ਲੱਗਾ ਤਾਂ ਕਾਰ ਬੇਕਾਬੂ ਹੋ ਕੇ ਸਿੱਧੀ ਨਹਿਰ ’ਚ ਜਾ ਡਿੱਗੀ ।
ਘਟਨਾ ਦਾ ਪਤਾ ਲੱਗਦਿਆ ਹੀ ਆਸ ਪਾਸ ਦੇ ਲੋਕਾਂ ਨੇ ਕਾਰ ਚਾਲਕ ਨੌਜਵਾਨ ਨੂੰ ਬਾਹਰ ਕੱਢ ਕੇ ਉਸ ਨੂੰ ਰਾਏਕੋਟ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੌਜਵਾਨ ਦੀ ਅਚਾਨਕ ਹੋਈ ਦੁਖਦਾਈ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਸੰਬੰਧਿਤ ਪੁਲਿਸ ਚੌਂਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਸਵਿੰਦਰ ਸਿੰਘ ਦੇ ਭਰਾ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ 194 ਬੀ. ਐਨ. ਐਸ. ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।