ਬਠਿੰਡਾ 'ਚ ਦੋ ਸਕੇ ਭਰਾਵਾਂ ਵਲੋਂ ਖੁਦਕੁਸ਼ੀ

ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਬਠਿੰਡਾ 'ਚ ਦੋ ਸਕੇ ਭਰਾਵਾਂ ਵਲੋਂ ਆਪਣੇ ਘਰ ਅੰਦਰ ਖੁਦਕੁਸ਼ੀ ਕਰਨ ਦੀ ਦੁਖਦਾਇਕ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਰਮਨ ਮਿੱਤਲ (38) ਪੁੱਤਰ ਦਲੀਪ ਮਿੱਤਲ ਅਤੇ ਅਜੇ ਮਿੱਤਲ (35) ਵਜੋਂ ਹੋਈ ਹੈ, ਜੋ ਕਿ ਜੁਝਾਰ ਸਿੰਘ ਨਗਰ ਸਥਿਤ ਆਪਣੀ ਕੋਠੀ 'ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਘਰ ਦਾ ਗੇਟ ਸਨਿਚਰਵਾਰ ਤੋਂ ਬੰਦ ਸੀ ਅਤੇ ਅੱਜ ਘਰ ਅੰਦਰੋਂ ਬਦਬੂ ਆਉਣ 'ਤੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਆ ਕੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਇਕ ਦੀ ਲਾਸ਼ ਬੈੱਡ ਉਪਰ ਪਈ ਸੀ ਅਤੇ ਦੂਸਰੇ ਨੇ ਫਾਹਾ ਲਿਆ ਹੋਇਆ ਸੀ।
ਮ੍ਰਿਤਕਾਂ ਦੇ ਮਾਤਾ-ਪਿਤਾ ਦੀ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਲਾਂਕਿ ਦੋਵਾਂ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਵੱਡਾ ਭਰਾ ਰਮਨ ਜੋ ਕਿ ਨਗਰ ਸੁਧਾਰ ਟਰੱਸਟ ਵਿਚ ਮੁਲਾਜ਼ਮ ਹੈ, ਦਾ ਆਪਣੀ ਪਤਨੀ ਨਾਲ ਤਲਾਕ ਸਬੰਧੀ ਕੇਸ ਚੱਲ ਰਿਹਾ ਸੀ ਅਤੇ ਛੋਟਾ ਭਰਾ ਲੰਬੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।