ਕਾਰ ਤੇ ਆਟੋ ਦੀ ਟੱਕਰ 'ਚ ਆਟੋ ਚਾਲਕ ਗੰਭੀਰ ਜ਼ਖਮੀ
ਕਪੂਰਥਲਾ, 8 ਜੁਲਾਈ (ਅਮਨਜੋਤ ਸਿੰਘ ਵਾਲੀਆ)-ਜਲੰਧਰ-ਕਪੂਰਥਲਾ ਰੋਡ 'ਤੇ ਗੁਰੂ ਨਾਨਕ ਸਟੇਡੀਅਮ ਨਜ਼ਦੀਕ ਆਟੋ ਤੇ ਇਨੋਵਾ ਕਾਰ ਦੀ ਟੱਕਰ ਵਿਚ ਆਟੋ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਆਟੋ ਵਿਚੋਂ ਕੱਢ ਕੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ। ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਸੁਖਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਨੂਰਪੁਰ ਲੁਬਾਣਾ ਨੇ ਦੱਸਿਆ ਕਿ ਉਹ ਜਲੰਧਰ ਵਲੋਂ ਆ ਰਿਹਾ ਸੀ, ਜਦੋਂ ਉਹ ਗੁਰੂ ਨਾਨਕ ਸਟੇਡੀਅਮ ਕੋਲ ਪਹੁੰਚਿਆਂ ਤਾਂ ਇਕ ਇਨੋਵਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਦਾ ਇਲਾਜ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ।