ਲੁੱਟ ਦੀ ਨੀਅਤ ਨਾਲ ਅਣਪਛਾਤਿਆਂ ਵਲੋਂ ਗੁਰਦੁਆਰਾ ਪ੍ਰਧਾਨ 'ਤੇ ਹਮਲਾ

ਕੋਟਫੱਤਾ, 8 ਜੁਲਾਈ (ਰਣਜੀਤ ਸਿੰਘ ਬੁੱਟਰ)-ਕੋਟਸ਼ਮੀਰ ਦੇ ਗੁਰਦੁਆਰਾ ਬੁੰਗਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਮੇਜਰ ਸਿੰਘ ਰੱਤੜਾ 'ਤੇ ਉਸ ਸਮੇਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਸਕੂਲ ਤੋਂ ਆਪਣੀ ਪੋਤੀ ਨੂੰ ਲੈ ਕੇ ਪਿੰਡ ਦੇ ਬਾਹਰਵਾਰ ਬਣੇ ਆਪਣੇ ਘਰ ਵੱਲ ਜਾ ਰਹੇ ਸਨ। ਅੱਗੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਰਾਡ ਨਾਲ ਹਮਲਾ ਕਰ ਦਿੱਤਾ। ਮੇਜਰ ਸਿੰਘ ਨੇ ਮੋਟਰਸਾਈਕਲ ਸਵਾਰਾਂ ਹੱਥ ਰਾਡ ਦੇਖ ਕੇ ਪਹਿਲਾਂ ਹੀ ਮੋਟਰਸਾਈਕਲ ਨੂੰ ਸੜਕ ਤੋਂ ਕੱਚੇ ਵੱਲ ਕਰ ਲਿਆ ਤੇ ਰਾਡ ਉਨ੍ਹਾਂ ਦੀ ਲੱਤ ਉਤੇ ਲੱਗ ਗਈ।
ਘਟਨਾ ਦਾ ਪਤਾ ਲਗਦਿਆਂ ਹੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਮੋਹਤਬਰ ਮੇਜਰ ਸਿੰਘ ਰੱਤੜਾ ਦੇ ਘਰ ਪਹੁੰਚੇ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਸੀ. ਸੀ. ਟੀ.ਵੀ. ਕੈਮਰੇ ਵਿਚ ਦੇਖਣ ਤੋਂ ਭਾਵੇਂ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਪਰ ਇਹ ਜ਼ਰੂਰ ਪਤਾ ਲੱਗਾ ਕਿ ਦੋਵਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਜਦੋਂ ਇਸ ਮਾਮਲੇ ਬਾਰੇ ਕੋਟਸ਼ਮੀਰ ਚੌਕੀ ਦੇ ਇੰਚਾਰਜ ਫਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੌਕੀ ਦੇ ਮੁਲਾਜ਼ਮ ਮਾਮਲੇ ਦੀ ਪੜਤਾਲ ਲਈ ਮੌਕਾ-ਏ-ਵਾਰਦਾਤ ਉਤੇ ਗਏ ਸਨ ਪਰ ਬਾਅਦ ਵਿਚ ਸਾਨੂੰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪੈ ਗਿਆ, ਇਸ ਲਈ ਕੱਲ੍ਹ ਤੱਕ ਇਸ ਮਾਮਲੇ ਨੂੰ ਉਹ ਟਰੇਸ ਕਰ ਲੈਣਗੇ।