ਮਾਲੇਗਾਓਂ ਧਮਾਕਾ: ਸਾਧਵੀ ਪ੍ਰਗਿਆ ਸਮੇਤ ਸਾਰੇ ਦੋਸ਼ੀ ਬਰੀ

ਮੁੰਬਈ, 31 ਜੁਲਾਈ- ਮਹਾਰਾਸ਼ਟਰ ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਤੋਂ ਲਗਭਗ 17 ਸਾਲ ਬਾਅਦ ਅੱਜ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਐਨ.ਆਈ.ਏ. ਦੀ ਅਦਾਲਤ ਨੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿਚ ਸਾਧਵੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਹੋਰਾਂ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ 29 ਸਤੰਬਰ, 2008 ਨੂੰ ਨਾਸਿਕ ਦੇ ਮਾਲੇਗਾਓਂ ਸ਼ਹਿਰ ਵਿਚ ਇਕ ਮਸਜਿਦ ਦੇ ਨੇੜੇ ਇਕ ਮੋਟਰਸਾਈਕਲ ਨਾਲ ਬੰਨਿ੍ਹਆ ਵਿਸਫੋਟਕ ਯੰਤਰ ਫਟਣ ਨਾਲ ਛੇ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ, ਐਨ.ਆਈ.ਏ. ਦੇ ਵਿਸ਼ੇਸ਼ ਜੱਜ ਏ.ਕੇ. ਲਾਹੋਟੀ ਨੇ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ। ਅਜਿਹੀ ਸਥਿਤੀ ਵਿਚ, ਜਦੋਂ ਵਿਸ਼ੇਸ਼ ਐਨ.ਆਈ.ਏ. ਜੱਜ ਏ.ਕੇ. ਲਾਹੋਟੀ ਦੀ ਅਦਾਲਤ ਨੇ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿਚ ਫੈਸਲਾ ਸੁਣਾਇਆ, ਤਾਂ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ ਸੱਤ ਦੋਸ਼ੀ ਮੌਜੂਦ ਸਨ। ਇਸ ਮਾਮਲੇ ਵਿਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਅੱਠ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਸੁਪਰੀਮ ਕੋਰਟ ਨੇ ਇਕ ਦੋਸ਼ੀ ਸਮੀਰ ਕੁਲਕਰਨੀ ਵਿਰੁੱਧ ਮੁਕੱਦਮੇ ’ਤੇ ਰੋਕ ਲਗਾ ਦਿੱਤੀ ਹੈ। ਅੱਜ ਦੇ ਫੈਸਲੇ ਵਿਚ, ਪ੍ਰੱਗਿਆ ਠਾਕੁਰ ਅਤੇ ਕਰਨਲ ਪ੍ਰਸਾਦ ਪੁਰੋਹਿਤ ਤੋਂ ਇਲਾਵਾ, ਮੇਜਰ ਰਮੇਸ਼ ਉਪਾਧਿਆਏ (ਸੇਵਾਮੁਕਤ), ਅਜੈ ਰਹੀਰਕਰ, ਸੁਧਾਕਰ ਦਿਵੇਦੀ ਅਤੇ ਸੁਧਾਕਰ ਚਤੁਰਵੇਦੀ ਨੂੰ ਐਨ.ਆਈ.ਏ. ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਾਰਿਆਂ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾ ਰਿਹਾ ਸੀ।
ਜੱਜ ਏ.ਕੇ. ਲਾਹੋਟੀ ਨੇ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਜਿਸ ਬਾਈਕ ’ਤੇ ਧਮਾਕਾ ਹੋਇਆ ਸੀ, ਉਹ ਸਾਧਵੀ ਪ੍ਰੱਗਿਆ ਦੇ ਨਾਮ ’ਤੇ ਸੀ। ਇਹ ਵੀ ਸਾਬਤ ਨਹੀਂ ਹੋ ਸਕਿਆ ਕਿ ਕਰਨਲ ਪ੍ਰਸਾਦ ਪੁਰੋਹਿਤ ਨੇ ਬੰਬ ਬਣਾਇਆ ਸੀ। ਸਾਜ਼ਿਸ਼ ਦਾ ਕੋਈ ਵੀ ਸਬੂਤ ਸਾਬਤ ਨਹੀਂ ਹੋਇਆ। ਇਸ ਧਮਾਕੇ ਵਿਚ 6 ਲੋਕ ਮਾਰੇ ਗਏ ਸਨ ਤੇ ਲਗਭਗ 101 ਲੋਕ ਜ਼ਖਮੀ ਹੋਏ ਸਨ। ਇਹ ਖੁਲਾਸਾ ਹੋਇਆ ਸੀ ਕਿ ਇਸ ਧਮਾਕੇ ਪਿੱਛੇ ਹਿੰਦੂ ਸੱਜੇ-ਪੱਖੀ ਸਮੂਹਾਂ ਨਾਲ ਜੁੜੇ ਲੋਕ ਸਨ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਮਹਾਰਾਸ਼ਟਰ ਏ.ਟੀ.ਐਸ. ਨੇ ਕੀਤੀ ਸੀ। 2011 ਵਿਚ, ਕੇਸ ਐਨ.ਆਈ.ਏ. ਨੂੰ ਸੌਂਪ ਦਿੱਤਾ ਗਿਆ ਸੀ। 2016 ਵਿਚ, ਐਨ.ਆਈ.ਏ. ਨੇ ਚਾਰਜਸ਼ੀਟ ਦਾਇਰ ਕੀਤੀ।
ਇਸ ਮਾਮਲੇ ਵਿਚ 3 ਜਾਂਚ ਏਜੰਸੀਆਂ ਅਤੇ 4 ਜੱਜ ਬਦਲ ਗਏ ਹਨ। ਪਹਿਲਾਂ ਫ਼ੈਸਲਾ 8 ਮਈ 2025 ਨੂੰ ਆਉਣਾ ਸੀ, ਪਰ ਬਾਅਦ ਵਿਚ ਇਸ ਨੂੰ 31 ਜੁਲਾਈ ਲਈ ਰਾਖਵਾਂ ਰੱਖ ਲਿਆ ਗਿਆ ਸੀ।