ਛੱਤੀਸਗੜ੍ਹ ਤੋਂ ਚੋਰੀ ਹੋਇਆ ਟਰੈਕਟਰ ਠੁੱਲੀਵਾਲ ਪੁਲਿਸ ਨੇ ਲੱਭ ਕੇ ਅਸਲ ਮਾਲਕਾਂ ਨੂੰ ਸੌਂਪਿਆ

ਮਹਿਲ ਕਲਾਂ, 3 ਅਗਸਤ (ਅਵਤਾਰ ਸਿੰਘ ਅਣਖੀ)- ਥਾਣਾ ਠੁੱਲੀਵਾਲ ( ਬਰਨਾਲਾ) ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਛੱਤੀਸਗੜ੍ਹ ਤੋਂ ਚੋਰੀ ਹੋਇਆ ਮਹਿੰਦਰਾ ਟਰੈਕਟਰ ਲੱਭ ਕੇ ਅਸਲ ਮਾਲਕ ਤੱਕ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਹਿੰਦਰਾ ਟਰੈਕਟਰ 575 ਡੀ.ਆਈ. ਜੋ ਕਿ ਕੁਝ ਦਿਨ ਪਹਿਲਾਂ ਛੱਤੀਸਗੜ੍ਹ ਤੋਂ ਚੋਰੀ ਹੋਇਆ ਸੀ, ਉਹ ਪਿੰਡ ਅਮਲਾ ਸਿੰਘ ਵਾਲਾ (ਬਰਨਾਲਾ) ਨੇੜਲੇ ਡਰੇਨ ਦੀ ਪਟੜੀ ਉੱਤੇ ਲਵਾਰਸ ਹਾਲਤ 'ਚ ਖੜ੍ਹਾ ਸੀ। ਮਿਲੀ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ, ਠੁੱਲੀਵਾਲ ਪੁਲਿਸ ਪਾਰਟੀ ਨੇ ਟਰੈਕਟਰ ਨੂੰ ਕਬਜ਼ੇ ਵਿਚ ਲੈ ਲਿਆ। ਟਰੈਕਟਰ ਦੇ ਇੰਜਣ ਨੰਬਰ ਰਾਹੀਂ ਡੂੰਘੀ ਜਾਂਚ ਪੜਤਾਲ ਉਪਰੰਤ ਮਿਲੇ ਮੋਬਾਈਲ ਨੰਬਰ ਉਪਰ ਅਸਲ ਮਾਲਕ ਨਾਲ ਸੰਪਰਕ ਕੀਤਾ ਗਿਆ। ਅੱਜ ਟਰੈਕਟਰ ਨੂੰ ਉਭੈ ਰਾਮ ਸਾਹੂ ਵਾਸੀ ਅੰਜੌਰਾ, ਤਹਿਸੀਲ ਅਤੇ ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਨੂੰ ਮੁਹਤਬਰਾਂ ਦੀ ਹਾਜ਼ਰੀ 'ਚ ਠੁੱਲੀਵਾਲ ਪੁਲਿਸ ਵਲੋਂ ਸੌਂਪ ਦਿੱਤਾ ਗਿਆ। ਇਸ ਮੌਕੇ ਉਭੈ ਰਾਮ ਸਾਹੂ ਨੇ ਥਾਣਾ ਮੁਖੀ ਗੁਰਮੇਲ ਸਿੰਘ ਅਤੇ ਸਮੁੱਚੀ ਪੁਲਿਸ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਏ.ਐਸ. ਆਈ. ਜਸਵਿੰਦਰ ਸਿੰਘ, ਮਨਜਿੰਦਰ ਸਿੰਘ, ਦੀਪ ਸਿੰਘ ਤੇ ਬੁੱਧ ਸਿੰਘ ਵੀ ਹਾਜ਼ਰ ਸਨ।