ਹਰਜੋਤ ਸਿੰਘ ਬੈਂਸ ਤਨਖਾਹੀਆ ਕਰਾਰ

ਅੰਮ੍ਰਿਤਸਰ, 6 ਅਗਸਤ (ਜਸਵੰਤ ਸਿੰਘ ਜੱਸ)- ਪੰਜ ਸਿੰਘ ਸਹਿਬਾਨ ਵਲੋਂ ਸ਼ਹੀਦੀ ਸਮਾਗਮ ’ਚ ਭੰਗੜੇ ਮਾਮਲੇ ’ਤੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਜਥੇਦਾਰ ਵਲੋਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਪੰਜਾਬ ਸਰਕਾਰ ਵਲੋਂ ਸ੍ਰੀਨਗਰ ਵਿਖੇ ਬੀਤੇ ਦਿਨੀਂ ਕਰਵਾਏ 350 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਨਾਚ ਗਾਣੇ ਤੇ ਮਨੋਰੰਜਨ ਦਾ ਪ੍ਰੋਗਰਾਮ ਪੇਸ਼ ਕਰਨ ਕਰਕੇ ਸਿੱਖ ਮਰਿਆਦਾ ਦੀ ਹੋਈ ਵੱਡੀ ਉਲੰਘਣਾ ਦਾ ਦੋਸ਼ ਸਵੀਕਾਰਨ ’ਤੇ ਕੈਬਿਨਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਆਦੇਸ਼ ਕੀਤਾ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਤੁਰ ਕੇ ਦਰਸ਼ਨ ਕਰਨ ਜਾਣ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਉਕਤ ਗੁਰਦੁਆਰਾ ਸਾਹਿਬ ਦੇ ਰਸਤਿਆਂ ਤੇ ਗਲੀਆਂ ਨੂੰ ਆਉਣ ਵਾਲੇ ਸਮੇਂ ਵਿਚ ਠੀਕ ਕਰਾਉਣ।
ਨਾਲ ਹੀ ਆਦੇਸ਼ ਕੀਤਾ ਗਿਆ ਕਿ ਹਰਜੋਤ ਸਿੰਘ ਬੈਂਸ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕੋਠਾ ਸਾਹਿਬ ਵੱਲਾ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ 100 ਮੀਟਰ ਪਹਿਲਾਂ ਤੋਂ ਤੁਰ ਕੇ ਜਾਣਗੇ ਅਤੇ ਇਥੋਂ ਦੇ ਰਸਤਿਆਂ ਦੀ ਹਾਲਤ ਵੀ ਸੁਧਾਰਨਗੇ। ਸਿੰਘ ਸਾਹਿਬਾਨ ਵਲੋਂ ਮੰਤਰੀ ਬੈਂਸ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਤੇ ਇਸ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਦੋ ਦਿਨ ਜੋੜਾ ਘਰ ਵਿਖੇ ਸੇਵਾ ਕਰਨ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣ ਦਾ ਵੀ ਆਦੇਸ਼ ਕੀਤਾ ਗਿਆ।
ਇਸੇ ਦੌਰਾਨ ਸਿੰਘ ਸਾਹਿਬਾਨ ਵਲੋਂ ਪੰਜਾਬ ਸਰਕਾਰ ਨੂੰ ਵੀ ਆਦੇਸ਼ ਕੀਤਾ ਗਿਆ ਕਿ ਉਹ ਸ਼ਤਾਬਦੀਆਂ ਸੰਬੰਧੀ ਸੈਮੀਨਾਰ, ਭਾਸ਼ਣ ਗੋਸ਼ਟੀਆਂ ਕਰਵਾਏ ਪਰ ਨਗਰ ਕੀਰਤਨ ਸਜਾਉਣੇ ਸਿੱਖ ਸੰਸਥਾਵਾਂ ਦਾ ਕਾਰਜ ਹੈ ਤੇ ਉਹ ਸ਼ਤਾਬਦੀ ਸਮਾਗਮਾਂ ਮੌਕੇ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਪ੍ਰਾਪਤ ਕਰੇ। ਇਸ ਮੌਕੇ ਜੰਮੂ ਕਸ਼ਮੀਰ ਤੋਂ ਆਏ ਤਿੰਨ ਸਿੱਖਾਂ ਰਣਜੀਤ ਸਿੰਘ ਜਗਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਵੀ ਧਾਰਮਿਕ ਤਨਖਾਹ ਸੁਣਾਈ ਗਈ।