ਹਿਮਾਚਲ ਪ੍ਰਦੇਸ਼ : ਮੌਨਸੂਨ ਦੇ ਕਹਿਰ ਕਾਰਨ 199 ਮੌਤਾਂ , 1905.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ

ਸ਼ਿਮਲਾ, 6 ਅਗਸਤ -ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐਸ.ਡੀ.ਐਮ.ਏ.) ਦੀ ਇਕ ਰਿਪੋਰਟ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਵਿਚ ਇਸ ਸਾਲ 20 ਜੂਨ ਤੋਂ 6 ਅਗਸਤ ਤੱਕ ਮੌਨਸੂਨ ਸੀਜ਼ਨ ਦੌਰਾਨ ਕੁੱਲ 199 ਮੌਤਾਂ ਅਤੇ 1905.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐਸ.ਡੀ.ਐਮ.ਏ.) ਨੇ ਕਿਹਾ ਕਿ 20 ਜੂਨ ਤੋਂ 6 ਅਗਸਤ, 2025 ਤੱਕ ਮਰਨ ਵਾਲਿਆਂ ਦੀ ਗਿਣਤੀ 199 ਤੱਕ ਪਹੁੰਚ ਗਈ ਹੈ, ਜਿਸ ਵਿਚ 108 ਮੌਤਾਂ ਮੀਂਹ ਨਾਲ ਸਸੰਬੰਧਿਤ ਆਫ਼ਤਾਂ ਜਿਵੇਂ ਕਿ ਜ਼ਮੀਨ ਖਿਸਕਣ, ਅਚਾਨਕ ਹੜ੍ਹ, ਬੱਦਲ ਫਟਣ ਅਤੇ ਬਿਜਲੀ ਦੇ ਕਰੰਟ ਕਾਰਨ ਹੋਈਆਂ ਹਨ। ਇਸੇ ਸਮੇਂ ਦੌਰਾਨ ਸੜਕ ਹਾਦਸਿਆਂ ਵਿਚ 91 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ 12 ਅਗਸਤ ਤੱਕ ਹੋਰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੁਆਰਾ ਜਾਰੀ ਕੀਤੀ ਗਈ ਤਾਜ਼ਾ ਜਨਤਕ ਉਪਯੋਗਤਾ ਸਥਿਤੀ ਰਿਪੋਰਟ (6 ਅਗਸਤ, ਸ਼ਾਮ 5 ਵਜੇ) ਦੇ ਅਨੁਸਾਰ, ਰਾਜ ਭਰ ਵਿਚ 533 ਸੜਕਾਂ ਬੰਦ ਹਨ ।
ਇਸ ਤੋਂ ਇਲਾਵਾ, 635 ਪਾਵਰ ਟ੍ਰਾਂਸਫਾਰਮਰ ਕੰਮ ਨਹੀਂ ਕਰ ਰਹੇ ਹਨ, ਅਤੇ 266 ਜਲ ਸਪਲਾਈ ਸਕੀਮਾਂ ਵਿਘਨ ਪਈਆਂ ਹਨ, ਜਿਸ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।