ਮੰਤਰੀ ਹਰਪਾਲ ਸਿੰਘ ਚੀਮਾ ਤੇ ਡਾ. ਰਵਜੋਤ ਨੇ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ

ਲੌਂਗੋਵਾਲ, 6 ਅਗਸਤ (ਸ.ਸ.ਖੰਨਾ, ਵਿਨੋਦ)-ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿਚ ਕੰਮ ਕਰਦੇ ਕੱਚੇ ਕਾਮਿਆਂ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ ਸਬ-ਕਮੇਟੀ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ, ਜਿਸ ਤਹਿਤ ਅੱਜ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਬ-ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਡਾ. ਰਵਜੋਤ ਸਿੰਘ ਸਥਾਨਕ ਸਰਕਾਰ ਮੰਤਰੀ, ਪ੍ਰਿੰਸੀਪਲ ਸੈਕਟਰੀ ਤੇਜਵੀਰ ਸਿੰਘ ਸਥਾਨਕ ਸਰਕਾਰਾਂ, ਮੁੱਖ ਕਾਰਜਕਾਰੀ ਅਫਸਰ ਮੈਡਮ ਦੀਪਤੀ ਉੱਪਲ ਆਦਿ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਦੀਪ ਸਿੰਘ ਛਾਹੜ ਵਲੋਂ ਆਪਣੇ ਵਫਦ ਨੂੰ ਨਾਲ ਲੈ ਕੇ ਤਕਰੀਬਨ ਸਵਾ ਘੰਟਾ ਚੱਲੀ ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਵਲੋਂ ਜਾਣਕਾਰੀ ਮੁਤਾਬਕ ਸੀਵਰੇਜ ਬੋਰਡ ਵਿਚ ਠੇਕੇਦਾਰ ਕੰਪਨੀਆਂ, ਸੁਸਾਇਟੀਆਂ ਨੂੰ ਬਾਹਰ ਕੱਢ ਕੇ ਬੋਰਡ ਵਿਚ ਰੱਖੇ 2348 ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਮਰਜ ਕਰਕੇ ਰੈਗੂਲਰ ਕਰਨ ਅਤੇ ਉਕਤ ਮੁਲਾਜ਼ਮਾਂ ਨੂੰ ਗੁਜ਼ਾਰੇ ਯੋਗੀ ਤਨਖਾਹ ਦੇਣ ਲਈ ਜ਼ੋਰ ਦਿੱਤਾ।
ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਲੋਂ ਜਥੇਬੰਦੀ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਕਿਹਾ ਕਿ ਜਿਹੜੇ 2548 ਮੁਲਾਜ਼ਮ ਸੀਵਰੇਜ ਬੋਰਡ ਵਿਚ ਆਊਟ ਸੋਰਸ ਰਾਹੀਂ ਆਪਣੀਆਂ ਸੇਵਾਵਾਂ ਪਿਛਲੇ ਲੰਮੇ ਅਰਸੇ ਤੋਂ ਨਿਭਾਅ ਰਹੇ ਹਨ, ਉਨ੍ਹਾਂ ਲਈ ਤਿੰਨ ਸਾਲਾ ਪਾਲਿਸੀ ਬਣਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਵਲੋਂ ਪੂਰੇ ਪੰਜਾਬ ਵਿਚੋਂ ਵਰਕਰਾਂ ਦੀ ਗਿਣਤੀ ਇਕੱਠੀ ਕਰਕੇ ਸੂਚੀਆਂ ਮੰਗਵਾ ਲਈਆਂ ਗਈਆਂ ਹਨ। ਉਨ੍ਹਾਂ ਇਸ ਗੱਲ ਉਤੇ ਜ਼ੋਰ ਜਿੰਦਿਆਂ ਪ੍ਰਿੰਸੀਪਲ ਸੈਕਟਰੀ ਤੇਜਵੀਰ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਲਈ ਇਕ ਵਧੀਆ ਪਾਲਿਸੀ ਬਣਾਈ ਜਾਵੇ, ਜਿਸ ਵਿਚ ਇਹ ਧਿਆਨ ਰੱਖਿਆ ਜਾਵੇ ਕਿ ਜੇਕਰ ਠੇਕੇਦਾਰ ਕੰਪਨੀਆਂ ਤੇ ਸੋਸਾਇਟੀਆਂ ਨੂੰ ਬੋਰਡ ਵਿਚੋਂ ਬਾਹਰ ਕੀਤਾ ਜਾਂਦਾ ਹੈ ਤਾਂ ਸੀਵਰੇਜ ਬੋਰਡ ਨੂੰ ਆਰਥਿਕ ਤੌਰ ਉਤੇ ਕਿੰਨਾ ਕੁ ਮੁਨਾਫਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਕਤ ਏਜੰਸੀਆਂ ਨੂੰ ਬਾਹਰ ਕੱਢ ਕੇ ਬੋਰਡ ਕੋਲ ਪੈਸਾ ਬਚਦਾ ਹੈ ਤਾਂ ਉਹ ਪੈਸਾ ਸਿੱਧਾ ਸੀਵਰੇਜ ਬੋਰਡ ਵਲੋਂ ਤਨਖਾਹਾਂ ਦੇ ਰੂਪ ਵਿਚ ਮੁਲਾਜ਼ਮਾਂ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਇਹ ਗੱਲ ਵੀ ਆਖੀ ਕਿ ਸਾਨੂੰ ਪਾਲਿਸੀ ਤਿਆਰ ਕਰਨ ਲਈ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਭਵਿੱਖ ਵਿਚ ਮੁਲਜ਼ਮਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਪਾਲਿਸੀ ਤਿਆਰ ਕਰਕੇ ਸੀਵਰੇਜ ਬੋਰਡ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ ਕਰਕੇ ਉਨ੍ਹਾਂ ਨੂੰ ਗੁਜ਼ਾਰੇ ਯੋਗੀ ਤਨਖਾਹ ਦੇਣ ਦਾ ਭਰੋਸਾ ਦਿੱਤਾ ਹੈ। ਜਥੇਬੰਦੀ ਦੇ ਆਗੂਆਂ ਵਲੋਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੇ ਹੱਕਾਂ ਲਈ ਵਧੀਆ ਪਾਲਿਸੀ ਲਿਆਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਵਰੇਜ ਬੋਰਡ ਦੇ ਟੈਕਨੀਕਲ ਐਡਵਾਈਜ਼ਰ ਮੁਕੇਸ਼ ਗਰਗ, ਐਮ.ਪੀ.ਜੀ.ਏ. ਗੁਰਵਿੰਦਰ ਪਾਲ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ ਪੀ.ਏ. ਆਦਿ ਹਾਜ਼ਰ ਸਨ।