ਹੜ੍ਹਾਂ ਤੇ ਬਾਰਿਸ਼ਾਂ ਨੇ ਵਧਾਏ ਸਬਜ਼ੀਆਂ ਦੇ ਭਾਅ

ਫਾਜ਼ਿਲਕਾ, 6 ਅਗਸਤ (ਬਲਜੀਤ ਸਿੰਘ)-ਇਕ ਪਾਸੇ ਜਿਥੇ ਪੰਜਾਬ ਭਰ ਵਿਚ ਭਾਰੀ ਮੀਂਹ ਪੈ ਰਹੇ ਹਨ, ਉਥੇ ਹੀ ਪੰਜਾਬ ਦੇ ਕੁਝ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਵਿਚ ਫਾਜ਼ਿਲਕਾ ਜ਼ਿਲ੍ਹਾ ਸ਼ਾਮਿਲ ਹੈ। ਜਿਥੇ ਕੁਝ ਪਿੰਡਾਂ ਵਿਚ ਸੇਮ ਨਾਲਿਆਂ ਦੇ ਟੁੱਟਣ ਨਾਲ ਤੇ ਭਾਰੀ ਬਾਰਿਸ਼ਾਂ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਉਥੇ ਹੀ ਆਮ ਜਨ ਜੀਵਨ ਉਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਪਿਆਜ਼ ਅੱਖਾਂ ਵਿਚੋਂ ਹੰਝੂ ਕੱਢ ਦਿੰਦਾ ਹੈ। ਉਸੇ ਤਰ੍ਹਾਂ ਹੁਣ ਬਾਕੀ ਸਬਜ਼ੀਆਂ ਵੀ ਅੱਖਾਂ ਵਿਚੋਂ ਹੰਝੂ ਕੱਢ ਰਹੀਆਂ ਹਨ ਕਿਉਂਕਿ ਬਾਰਿਸ਼ਾਂ ਦੇ ਚਲਦਿਆਂ ਸਬਜ਼ੀਆਂ ਦਾ ਭਾਅ ਸਿਖਰਾਂ ਉਤੇ ਚੜ੍ਹਿਆ ਹੋਇਆ ਹੈ।
ਫਾਜ਼ਿਲਕਾ ਦੀ ਸਬਜ਼ੀ ਮੰਡੀ ਵਿਖੇ ਸਥਿਤ ਸਬਜ਼ੀ ਵਿਕਰੇਤਾ ਅਤੇ ਸਬਜ਼ੀ ਖਰੀਦਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਰੇਟ ਪਿਛਲੇ ਕੁਝ ਦਿਨਾਂ ਤੋਂ ਦੁੱਗਣੇ ਹੋਏ ਪਏ ਹਨ ਜਿਨ੍ਹਾਂ ਵਿਚ ਕੱਦੂ, ਤੋਰੀ, ਟਮਾਟਰ, ਮਟਰ ਆਦਿ ਕਈ ਸਬਜ਼ੀਆਂ ਸ਼ਾਮਿਲ ਹਨ, ਜਿਸ ਕਰਕੇ ਆਮ ਅਤੇ ਮੱਧਮ ਵਰਗ ਦੇ ਲੋਕਾਂ ਲਈ ਸਬਜ਼ੀਆਂ ਦਾ ਸਵਾਦ ਦੂਰ ਹੋਇਆ ਪਿਆ ਹੈ। ਸਬਜ਼ੀਆਂ ਉਤੇ ਪਈ ਇਸ ਮਹਿੰਗਾਈ ਦੀ ਬਾਰਿਸ਼ ਕਾਰਨ ਸਬਜ਼ੀ ਦੁਕਾਨਦਾਰਾਂ ਦੀ ਵੀ ਵਿਕਰੀ ਵਿਚ ਵੱਡੀ ਕਟੌਤੀ ਹੋਈ ਹੈ ਅਤੇ ਉਨ੍ਹਾਂ ਨੂੰ ਵੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।