ਸ਼ਹੀਦ ਫੌਜੀ ਰਿੰਕੂ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਲੌਂਗੋਵਾਲ, (ਸੰਗਰੂਰ), 8 ਅਗਸਤ (ਵਿਨੋਦ, ਖੰਨਾ) - ਨਜ਼ਦੀਕੀ ਪਿੰਡ ਮਿਰਜ਼ਾ ਪੱਤੀ ਨਮੋਲ ਦਾ ਭਾਰਤੀ ਫੌਜ ਵਿਚ ਲਾਂਸ ਨਾਇਕ ਵਜੋਂ ਤਾਇਨਾਤ ਨੌਜਵਾਨ ਡਿਊਟੀ ਦੌਰਾਨ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ ਹੈ। ਅੱਜ 55 ਇੰਜੀਨੀਅਰ ਰੈਜੀਮੈਂਟ ਫੌਜੀ ਦਸਤੇ ਵਲੋਂ ਲੈਫਟੀਨੈਂਟ ਸ਼ੁਭਮ ਸ਼ਰਮਾ ਦੀ ਅਗਵਾਈ ਵਿਚ ਤਿਰੰਗੇ ਝੰਡੇ ਵਿਚ ਲਿਪਟੀ ਸ਼ਹੀਦ ਰਿੰਕੂ ਸਿੰਘ (30 ਸਾਲ) ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਨਮੋਲ ਦੇ ਸਟੇਡੀਅਮ ਵਿਖੇ ਲਿਆਂਦਾ ਗਿਆ ਤਾਂ ਮਾਹੌਲ ਗਮਗੀਨ ਹੋ ਗਿਆ, ਜਿਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ। ਸੰਗਰੂਰ ਛਾਉਣੀ ਤੋਂ ਆਈ ਫੌਜ ਦੀ 8 ਕੁਆਲਰੀ ਰੇਜਿਮੈਂਂਟ ਟੁਕੜੀ ਵਲੋਂ ਸੂਬੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਹਥਿਆਰ ਪੁੱਠੇ ਕਰਕੇ ਅਤੇ ਹਵਾਈ ਫਾਇਰ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸ਼ਹੀਦ ਰਿੰਕੂ ਸਿੰਘ ਮਹਿਜ਼ 20 ਕੁ ਸਾਲ ਦੀ ਉਮਰ ਵਿਚ ਭਾਰਤੀ ਫ਼ੌਜ ਵਿਚ ਭਰਤੀ ਹੋ ਗਿਆ ਸੀ। ਉਹ ਸਿੱਕਮ ਵਿਖੇ ਤਾਇਨਾਤ ਸੀ ਅਤੇ ਬੀਤੇ ਦਿਨੀਂ ਆਪਣੇ ਬੁਲਡੋਜ਼ਰ ਨਾਲ ਬਰਫ਼ ਹਟਾ ਰਿਹਾ ਸੀ ਕਿ ਉਸਦਾ ਬੁਲਡੋਜ਼ਰ ਹਾਦਸੇ ਦਾ ਸ਼ਿਕਾਰ ਹੋ ਗਿਆ ਜੋ ਕਿ ਉਸਦੇ ਲਈ ਜਾਨਲੇਵਾ ਸਿੱਧ ਹੋਇਆ। ਅੱਜ 55 ਇੰਜੀਨੀਅਰ ਰੈਜੀਮੈਂਟ ਦੇ ਸੂਬੇਦਾਰ ਕੁਲਦੀਪ ਸਿੰਘ ਦੀ ਅਗਵਾਈ ਵਿਚ ਸ਼ਹੀਦ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਨੂੰ ਸਿੱਕਮ ਤੋਂ ਲਿਆਂਦਾ ਗਿਆ। ਇਸ ਦੌਰਾਨ ਫੌਜੀ ਅਧਿਕਾਰੀਆਂ, ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦਾ ਚੱਕਰ (ਰੀਥ) ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਫੌਜ ਅਧਿਕਾਰੀਆਂ ਵਲੋਂ ਸ਼ਹੀਦ ਦੇ ਪਿਤਾ ਬਿੰਦਰ ਪਾਲ ਅਤੇ ਮਾਤਾ ਚਰਨਜੀਤ ਕੌਰ ਨੂੰ ਤਿਰੰਗਾ ਝੰਡਾ ਭੇਟ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।