ਵੈਟਰਨਰੀ ਡਾਕਟਰਾਂ ਵਲੋਂ ਖਟਕੜ ਕਲਾਂ ਚ ਸੂਬਾ ਪੱਧਰੀ ਰੋਸ ਧਰਨਾ

ਬੰਗਾ (ਨਵਾਂਸ਼ਹਿਰ), 11 ਅਗਸਤ (ਸੁਰਿੰਦਰ ਸਿੰਘ ਕਰਮ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਕਲਾਂ ਵਿਖੇ ਵੈਟਰਨਰੀ ਡਾਕਟਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅੱਜ ਸੂਬਾ ਪੱਧਰੀ ਰੋਸ ਧਰਨਾ ਲਗਾਇਆ ਗਿਆ। ਡਾਕਟਰ ਗੁਰਚਰਨ ਸਿੰਘ ਸੀਨੀਅਰ ਕਨਵੀਨਰ ਪੰਜਾਬ ਨੇ ਆਖਿਆ ਕਿ ਪੰਜਾਬ ਸਰਕਾਰ ਵੈਟਨਰੀ ਡਾਕਟਰਾਂ ਦੀਆਂ ਪਿਛਲੇ ਤਿੰਨ ਸਾਲਾਂ ਤੋਂ ਪੇਅ ਪੈਰਿਟੀ ਨੂੰ ਬਹਾਲ ਕਰਵਾਉਣ ਦੀਆਂ ਮੰਗਾਂ ਨੂੰ ਲਟਕਾ ਕੇ ਬੈਠੀ ਹੈ, ਜੋ ਕਿ ਲਾਰਿਆਂ ਤੇ ਲਾਰੇ ਲਾ ਕੇ ਟਾਈਮ ਟਪਾ ਰਹੀ ਹੈ।
ਉਨ੍ਹਾਂ ਆਖਿਆ ਕਿ ਅੱਜ ਸੂਬਾ ਪੱਧਰ 'ਤੇ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ ਹੈ, ਜਿਸ ਵਿਚ ਪੂਰੇ ਪੰਜਾਬ ਤੋਂ ਵੈਟਰਨਰੀ ਡਾਕਟਰ ਵੱਡੀ ਗਿਣਤੀ ਵਿਚ ਪੁੱਜੇ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਨਾ ਮੰਨ ਕੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਦਾ ਵੀ ਵੱਡਾ ਨੁਕਸਾਨ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਆਮ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਾਂ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।