ਬਿਜਲੀ ਮੁਲਾਜ਼ਮਾਂ ਨੇ ਤਿੰਨ ਦਿਨਾਂ ਸਮੂਹਿਕ ਛੁੱਟੀ ਲੈਣ ਉਪਰੰਤ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬੇਗੋਵਾਲ (ਕਪੂਰਥਲਾ), 11 ਅਗਸਤ (ਸੁਖਜਿੰਦਰ ਸਿੰਘ) - ਅੱਜ ਪੰਜਾਬ ਭਰ ਦੇ ਬਿਜਲੀ ਮੁਲਾਜ਼ਮਾਂ ਵਲੋਂ ਜੁਆਇੰਟ ਫੋਰਮ ਜਥੇਬੰਦੀ ਦੇ ਸੱਦੇ 'ਤੇ ਆਪਣੀਆਂ ਮੰਗਾਂ ਨਾ ਮੰਨੇ ਜਾਣ 'ਤੇ ਤਿੰਨ ਦਿਨਾਂ ਸਮੂਹਿਕ ਛੁੱਟੀ 'ਤੇ ਜਾਣ ਦੇ ਕੀਤੇ ਐਲਾਨ ਤਹਿਤ ਅੱਜ ਕਸਬਾ ਬੇਗੋਵਾਲ ਦੇ ਬਿਜਲੀ ਮੁਲਾਜ਼ਮਾਂ ਵਲੋਂ ਫੈਡਰੇਸ਼ਨ ਯੂਨੀਅਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਨੀਟਾ ਦੀ ਅਗਵਾਈ ਹੇਠ ਤਿੰਨ ਦਿਨਾਂ ਸਮੂਹਿਕ ਛੁੱਟੀ 'ਤੇ ਜਾਣ ਉਪਰੰਤ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਸਮੇਂ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਨੀਟਾ ਨੇ ਇਕੱਤਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਮੁਲਾਜ਼ਮਾਂ ਦੀਆਂ 25 ਮੰਗਾਂ ਹਨ, ਜਿਨ੍ਹਾਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵਲੋਂ ਸਰਕਾਰ ਨਾਲ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ, ਪਰ ਹਰ ਮੀਟਿੰਗ ਬੇਸਿੱਟਾ ਰਹੀ ਹੈ। ਉਨ੍ਹਾਂ ਕਿਹਾ ਕਿ ਆਖ਼ਰੀ ਮੀਟਿੰਗ 2 ਜੂਨ ਨੂੰ ਹੋਈ ਸੀ, ਜਿਸ ਵਿਚ ਕੁਝ ਮੰਗਾਂ 'ਤੇ ਸਹਿਮਤੀ ਬਣੀ ਸੀ, ਜਿਨ੍ਹਾਂ ਨੂੰ ਲਾਗੂ ਕਰਨ ਲਈ ਪਾਵਰਕਾਮ ਮੈਨੇਜਮੈਂਟ ਨੇ 10 ਦਿਨ ਦਾ ਸਮਾਂ ਤੈਅ ਕੀਤਾ ਸੀ, ਪਰ ਤਕਰੀਬਨ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੈਨੇਜਮੈਂਟ ਤੇ ਸਰਕਾਰ ਵਲੋਂ ਜਾਣ ਬੁਝ ਕੇ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆ।ਪਿਛਲੇ ਦਿਨੀ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਜੁਆਇੰਟ ਫੋਰਮ ਨੇ 11 ਅਗਸਤ ਤੋਂ 13 ਅਗਸਤ ਤੱਕ ਤਿੰਨ ਦਿਨਾਂ ਸਮੂਹਿਕ ਛੁੱਟੀ 'ਤੇ ਜਾਣ ਦਾ ਫ਼ੈਸਲਾ ਲਿਆ ਸੀ, ਉਸੇ ਤਹਿਤ ਅੱਜ ਸਾਡੇ ਸਾਰੇ ਸਾਥੀਆਂ ਵਲੋਂ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਸਰਕਾਰ ਤੇ ਮੈਨੇਜਮੈਂਟ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਦੇ ਨਿਰਦੇਸ਼ਾਂ 'ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਸਮੇਂ ਹੋਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।