ਵੋਟਰ ਤਸਦੀਕ ਵਿਰੁੱਧ ਵਿਰੋਧੀ ਧਿਰ ਦਾ ਮਾਰਚ, ਹਿਰਾਸਤ ਵਿਚ ਰਾਹੁਲ, ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 11 ਅਗਸਤ- 300 ਵਿਰੋਧੀ ਸੰਸਦ ਮੈਂਬਰਾਂ ਨੇ ਵੋਟਰ ਤਸਦੀਕ ਦੇ ਮੁੱਦੇ ਅਤੇ ਚੋਣਾਂ ਵਿਚ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੀਤਾ। ਇਸ ਦੌਰਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਖਿਲੇਸ਼ ਯਾਦਵ ਸਮੇਤ ਕਈ ਵਿਰੋਧੀ ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਸੰਸਦ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਵਿਰੋਧ ਪ੍ਰਦਰਸ਼ਨ ਦੌਰਾਨ ਟੀ.ਐਮ.ਸੀ. ਸੰਸਦ ਮੈਂਬਰ ਮਿਤਾਲੀ ਬਾਗ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਸੰਸਦ ਮੈਂਬਰਾਂ ਨੇ ਮਦਦ ਕੀਤੀ। ਇਸ ਤੋਂ ਪਹਿਲਾਂ ਦੋਵਾਂ ਸਦਨਾਂ ਵਿਚ ਇਸ ਮੁੱਦੇ ’ਤੇ ਵੱਡਾ ਹੰਗਾਮਾ ਹੋਇਆ ਅਤੇ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਮਾਰਚ ਸੰਸਦ ਦੇ ਮਕਰ ਦੁਆਰ ਤੋਂ ਸ਼ੁਰੂ ਹੋਇਆ। ਸੰਸਦ ਮੈਂਬਰਾਂ ਦੇ ਹੱਥਾਂ ਵਿਚ ‘ਵੋਟ ਬਚਾਓ’ ਦੇ ਬੈਨਰ ਸਨ। ਹਾਲਾਂਕਿ, ਦਿੱਲੀ ਪੁਲਿਸ ਨੇ ਕਿਹਾ ਸੀ ਕਿ ਇੰਡੀਆ ਬਲਾਕ ਨੇ ਮਾਰਚ ਲਈ ਕੋਈ ਇਜਾਜ਼ਤ ਨਹੀਂ ਲਈ ਸੀ, ਇਸ ਲਈ ਚੋਣ ਕਮਿਸ਼ਨ ਜਾਣ ਤੋਂ ਪਹਿਲਾਂ, ਟਰਾਂਸਪੋਰਟ ਭਵਨ ਦੇ ਨੇੜੇ ਬੈਰੀਕੇਡ ਲਗਾ ਕੇ ਮਾਰਚ ਨੂੰ ਰੋਕ ਦਿੱਤਾ ਗਿਆ।
ਬਾਅਦ ਵਿਚ ਅਖਿਲੇਸ਼ ਨੇ ਬੈਰੀਕੇਡਾਂ ਤੋਂ ਛਾਲ ਮਾਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਜਦੋਂ ਸੰਸਦ ਮੈਂਬਰਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਹ ਜ਼ਮੀਨ ’ਤੇ ਬੈਠ ਗਏ। ਪ੍ਰਿਅੰਕਾ ਅਤੇ ਡਿੰਪਲ ਸਮੇਤ ਕਈ ਸੰਸਦ ਮੈਂਬਰਾਂ ਨੂੰ ‘ਵੋਟ ਚੋਰ ਗੱਦੀ ਛੋੜ’ ਦੇ ਨਾਅਰੇ ਲਗਾਉਂਦੇ ਦੇਖਿਆ ਗਿਆ। ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।