ਬਿਆਸ ਦਰਿਆ ਦਾ ਖੌਫਨਾਕ ਰੂਪ, ਅਨੇਕਾਂ ਘਰਾਂ ਲਈ ਖ਼ਤਰੇ ਦੀ ਘੰਟੀ

ਹਰੀਕੇ ਪੱਤਣ (ਤਰਨਤਾਰਨ) 15 ਅਗਸਤ (ਸੰਜੀਵ ਕੁੰਦਰਾ) ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਸ਼ ਨੇ ਹੜ੍ਹਾਂ ਕਾਰਨ ਵੱਡਾ ਨੁਕਸਾਨ ਕੀਤਾ ਹੈ। ਬੀਤੇ ਕੁਝ ਦਿਨਾਂ ਤੋਂ ਬਿਆਸ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਨੇ ਜ਼ਿਲ੍ਹਾ ਤਰਨਤਾਰਨ ਦੇ ਅਨੇਕਾਂ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ।
ਬੀਤੀ ਰਾਤ ਬਿਆਸ ਦਰਿਆ ਦੇ ਖੌਫਨਾਕ ਰੂਪ ਕਾਰਨ ਬਿਆਸ ਦਰਿਆ ਦੇ ਐਨ ਕਿਨਾਰੇ ਪੈਂਦੇ ਪਿੰਡ ਮਰੜ ਨੂੰ ਵੱਡਾ ਖਤਰਾ ਪੈਦਾ ਹੋ ਗਿਆ। ਪਿੰਡ ਮਰੜ ਵਿਖੇ ਬਿਆਸ ਧਰਿਆ ਦੇ ਤੇਜ਼ ਵਹਾਅ ਨੇ ਕਈ ਏਕੜ ਜ਼ਮੀਨ ਨੂੰ ਖੋਰਾ ਲਾ ਦਿੱਤਾ, ਜਿਸ ਕਾਰਨ ਮਿੱਟੀ ਦੀਆਂ ਵੱਡੀਆਂ ਵੱਡੀਆਂ ਢਿੱਗਾਂ ਅਤੇ ਦਹਾਕਿਆਂ ਪੁਰਾਣੇ ਵੱਡੇ ਵੱਡੇ ਰੁੱਖ ਜਲ ਮਗਨ ਹੋ ਗਏ। ਇਸ ਤੇਜ਼ ਵਹਾਅ ਦਾ ਕਹਿਰ ਅਜੇ ਵੀ ਜਾਰੀ ਹੈ ਤੇ ਜ਼ਮੀਨ ਲਗਾਤਾਰ ਖੋਰਾ ਲੱਗ ਰਿਹਾ ਹੈ । ਇਸ ਢਾਹ ਤੋਂ ਪਿੰਡ ਮਰੜ ਦੀ ਅਬਾਦੀ ਸਿਰਫ਼ 80 ਫੁੱਟ ਦੂਰੀ ਤੇ ਹੈ ਅਤੇ ਜੇਕਰ ਇਸ ਨੂੰ ਨਾ ਰੋਕਿਆ ਤਾਂ ਪਿੰਡ ਮਰੜ ਵੀ ਇਸ ਢਾਹ ਦੀ ਭੇਂਟ ਚੜ੍ਹ ਸਕਦਾ ਹੈ। ਪਿੰਡ ਮਰੜ ਦੇ ਸਰਪੰਚ ਮੇਜਰ ਸਿੰਘ ਉਰਫ ਠੇਕੇਦਾਰ ਬੋਹੜ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਤਰੁੰਤ ਇਸ ਢਾਹ ਨੂੰ ਰੋਕਣ ਲਈ ਕਦਮ ਚੁੱਕੇ ਤਾਂ ਜੋ ਸਾਡਾ ਬਚਾਅ ਹੋ ਸਕੇ।