ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਪਾਣੀ ਦਾ ਪੱਧਰ ਵੱਧ ਕੇ 1 ਲੱਖ 44 ਹਜ਼ਾਰ ਕਿਊਸਿਕ ਹੋਇਆ

ਹਰੀਕੇ ਪੱਤਣ, ਮੱਖੂ (ਤਰਨਤਾਰਨ/ਫ਼ਿਰੋਜ਼ਪੁਰ), 22 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)- ਪਹਾੜੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਪੰਜਾਬ ਵਿਚ ਵੀ ਦਰਿਆਵਾਂ ਅਤੇ ਨਦੀਆਂ ਦਾ ਪਾਣੀ ਖ਼ਤਰਨਾਕ ਪੱਧਰ ’ਤੇ ਹੈ। ਪਹਿਲਾਂ ਪੋਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਦਰਿਆ ਉਫ਼ਾਨ ’ਤੇ ਹੈ ਤੇ ਹੁਣ ਭਾਖੜਾ ਡੈਮ ਦੇ ਗੇਟ ਖੋਲ੍ਹ ਦਿੱਤੇ ਜਾਣ ਤੋਂ ਬਾਅਦ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਦਾ ਪੱਧਰ ਪਿਛਲੇ 3 ਦਿਨਾਂ ਤੋਂ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਜਲ ਥਲ ਹੋਇਆ ਪਿਆ ਹੈ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ 1 ਲੱਖ 44 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਸੀ ਤੇ ਜਿਸ ਵਿਚੋਂ ਡਾਊਨ ਸਟਰੀਮ ਨੂੰ 1 ਲੱਖ 22 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦ ਕਿ ਫਿਰੋਜ਼ਪੁਰ ਫੀਡਰ ਨਹਿਰ ਨੂੰ 8500 ਕਿਊਸਿਕ ਅਤੇ ਰਾਜਸਥਾਨ ਫੀਡਰ ਨਹਿਰ ਨੂੰ 13500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੀਤੇ ਕੱਲ੍ਹ ਹਰੀਕੇ ਹੈੱਡ ਵਰਕਸ ਵਿਚ ਬਿਆਸ ਦਰਿਆ ਦੇ ਰਸਤੇ 65 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ ਜਦ ਕਿ ਸਤਲੁਜ ਦਰਿਆ ਦੇ ਰਸਤੇ 24 ਹਜ਼ਾਰ ਕਿਊਸਿਕ ਪਾਣੀ ਹਰੀਕੇ ਹੈੱਡ ਵਿਚ ਆ ਰਿਹਾ ਸੀ, ਜੋ ਅੱਜ ਸਤਲੁਜ ਦਰਿਆ ਵਿਚ ਵੱਧ ਕੇ 37 ਹਜ਼ਾਰ ਕਿਊਸਿਕ ਹੋ ਗਿਆ ਜਦ ਕਿ ਬਿਆਸ ਦਰਿਆ ਵਿਚ 70816 ਕਿਊਸਿਕ ਪਾਣੀ ਆ ਰਿਹਾ ਹੈ ਤੇ ਬਾਕੀ ਸੂਬੇ ਵਿਚ ਹੋ ਰਹੀਆਂ ਬਾਰਿਸ਼ਾਂ ਦਾ ਲੋਕਲ ਪਾਣੀ ਹਰੀਕੇ ਹੈੱਡ ਵਰਕਸ ਵਿਚ ਪਹੁੰਚ ਰਿਹਾ ਹੈ।
ਜ਼ਿਕਰਯੋਗ ਹੈ ਕਿ ਡਾਊਨ ਸਟਰੀਮ ਨੂੰ ਛੱਡੇ ਪਾਣੀ ਨੇ ਜਿਥੇ ਹਰੀਕੇ ਹਥਾੜ ਖੇਤਰ ਦੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਡੋਬ ਕੇ ਰੱਖ ਦਿੱਤੀ ਹੈ, ਉੱਥੇ ਸਤਲੁਜ ਦਰਿਆ ਕਿਨਾਰੇ ਪਿੰਡ ਸਭਰਾ ਕੋਲ ਧੁੱਸੀ ਬੰਨ੍ਹ ਨੂੰ ਢਾਹ ਲਾ ਦਿੱਤੀ ਹੈ, ਜਿਸ ਨੂੰ ਬਚਾਉਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਅਨੇਕਾਂ ਸੇਵਾਦਾਰ, ਪਿੰਡ ਸਭਰਾ ਨਿਵਾਸੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਦਿਨ ਰਾਤ ਡਟੇ ਹੋਏ ਹਨ ਪ੍ਰੰਤੂ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਹਰੀਕੇ ਹਥਾੜ ਖੇਤਰ ਲਈ ਹੋਰ ਵੀ ਮਾਰੂ ਸਾਬਤ ਹੋਵੇਗਾ।