JALANDHAR WEATHER

ਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੂਰਪੁਰ ਬੇਦੀ, 22 ਅਗਸਤ (ਰਾਜੇਸ਼ ਚੌਧਰੀ)-ਅੱਜ ਪਿੰਡ ਨੋਧੇਮਾਜਰਾ ਵਿਖੇ ਇਕ ਵਿਆਹੁਤਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਔਰਤ ਦੀ ਪਛਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਨਿਵਾਸੀ ਪਿੰਡ ਸਿੰਬਲਮਾਜਰਾ ਵਜੋਂ ਹੋਈ ਹੈ। ਮ੍ਰਿਤਕ ਔਰਤ ਮਨਜਿੰਦਰ ਕੌਰ ਦੀ ਭੈਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਭੈਣ ਮਨਜਿੰਦਰ ਕੌਰ ਪਿੰਡ ਵਿਖੇ ਬਣਾਏ ਜਾ ਰਹੇ ਮਕਾਨ ਦੇ ਕੰਮਕਾਰ ਲਈ ਪੇਕੇ ਘਰ ਨੋਧੇਮਾਜਰਾ ਵਿਖੇ ਆਈ ਹੋਈ ਸੀ। ਬੀਤੀ ਰਾਤ 9 ਵਜੇ ਦੇ ਕਰੀਬ ਉਹ ਮੋਬਾਇਲ ਫੋਨ ਉਤੇ ਗੱਲ ਕਰਦੀ-ਕਰਦੀ ਘਰੋਂ ਬਾਹਰ ਚਲੀ ਗਈ ਤੇ ਵਾਪਸ ਨਹੀਂ ਆਈ। ਕਾਫੀ ਦੇਰ ਤੱਕ ਉਸ ਨੂੰ ਸਾਡੇ ਵਲੋਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਤ ਸਮੇਂ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ।

ਉਸ ਨੇ ਦੱਸਿਆ ਕਿ ਜਦੋਂ ਉਹ ਸਵੇਰ ਸਮੇਂ ਘਰ ਤੋਂ ਗੋਹਾ ਸੁੱਟਣ ਲਈ ਗਈ ਤਾਂ ਉਸਨੇ ਆਪਣੀ ਭੈਣ ਦੀਆਂ ਚੱਪਲਾਂ ਖੇਤਾਂ ਵਿਚ ਪਈਆਂ ਦੇਖੀਆਂ ਤੇ ਥੋੜ੍ਹਾ ਅੱਗੇ ਜਾਣ ਉਤੇ ਉਸ ਦੀ ਭੈਣ ਮਨਜਿੰਦਰ ਕੌਰ ਦੀ ਲਾਸ਼ ਵੀ ਪਈ ਹੋਈ ਸੀ, ਜਿਸ ਦੇ ਚਿਹਰੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਉਪਰੰਤ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ, ਜਿਸ ਉਤੇ ਐਸ.ਪੀ.ਡੀ. ਰੂਪਨਗਰ, ਡੀ.ਐਸ.ਪੀ. ਰੂਪਨਗਰ, ਡੀ.ਐਸ.ਪੀ. ਅਨੰਦਪੁਰ ਸਾਹਿਬ, ਸੀ.ਆਈ. ਏ. ਇੰਚਾਰਜ ਰੂਪਨਗਰ ਅਤੇ ਸਥਾਨਕ ਥਾਣਾ ਮੁਖੀ ਮੌਕੇ ਉਤੇ ਪਹੁੰਚੇ ਜਿਨ੍ਹਾਂ ਵਲੋਂ ਮੌਕੇ ਉਤੇ ਫੋਰੈਂਸਿਕ ਮਾਹਰ ਟੀਮ ਵੀ ਬੁਲਾਈ ਗਈ ਜਿਨ੍ਹਾਂ ਵਲੋਂ ਘਟਨਾ ਦੀ ਜਾਂਚ ਕੀਤੀ ਗਈ ਹੈ। ਇਸ ਸਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ ਉਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਤੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜਿਆ ਗਿਆ ਹੈ ਤੇ ਪੋਸਟਮਾਰਟਮ ਉਪਰੰਤ ਹੀ ਸਾਰੀ ਸਥਿਤੀ ਸਾਫ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਥਿਤ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ। ਇਸ ਸਬੰਧੀ ਮ੍ਰਿਤਕਾ ਦੇ ਪਤੀ ਕੁਲਦੀਪ ਸਿੰਘ, ਮਾਤਾ ਸੁਰਿੰਦਰ ਕੌਰ, ਪਿਤਾ ਗੁਰਮੁੱਖ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਬੇਟੀ ਦੇ ਕਾਤਲਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਮ੍ਰਿਤਕਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਧਰਮਿੰਦਰ ਭਿੰਦਾ, ਗੁਰਬਚਨ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਚੈਨ ਸਿੰਘ ਗਰੇਵਾਲ, ਮੋਹਨ ਸਿੰਘ ਧਮਾਣਾ, ਸਾਬਕਾ ਸਰਪੰਚ ਭੋਲਾ ਰਾਮ, ਗੁਰਬਚਨ ਸਿੰਘ ਤੇ ਰਾਮ ਕੁਮਾਰ ਮਣਕੂ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ