ਸਸਕਾਰ ਤੋਂ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਸੜਕੀ ਹਾਦਸਾ, ਹੋਈ ਮੌਤ

ਮਾਛੀਵਾੜਾ ਸਾਹਿਬ, 22 ਅਗਸਤ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਉਧੋਵਾਲ ਨੇੜੇ ਸੜਕ ਹਾਦਸੇ ਦੌਰਾਨ ਸਮਰਾਲਾ ਵਾਸੀ ਨੌਜਵਾਨ ਅਜੈ ਕੁਮਾਰ ਜਿਸ ਦੀ ਉਮਰ 30 ਸਾਲ ਸੀ, ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਜੈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਕੋਲ ਪੈਂਦੇ ਪਿੰਡ ਸੈਲਾ ਵਿਖੇ ਆਪਣੀ ਮਾਸੀ ਦੇ ਲੜਕੇ ਦੇ ਅੰਤਿਮ ਸੰਸਕਾਰ ਤੋਂ ਵਾਪਸ ਪਰਤ ਰਿਹਾ ਸੀ ਕਿ ਪਿੰਡ ਉਧੋਵਾਲ ਨੇੜੇ ਉਸ ਨੂੰ ਇਨੋਵਾ ਕਾਰ ਨੇ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਉਹ ਕਾਰ ਥੱਲੇ ਆ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕਾਰ ਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਮੌਕੇ ’ਤੇ ਮੌਜੂਦ ਰਾਹਗੀਰਾਂ ਵਲੋਂ ਇਸ ਕਾਰ ਦਾ ਨੰਬਰ ਨੋਟ ਕਰ ਲਿਆ ਗਿਆ। ਮ੍ਰਿਤਕ ਅਜੈ ਦੀ ਲਾਸ਼ ਨੂੰ ਮਾਛੀਵਾੜਾ ਪੁਲਿਸ ਵਲੋਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਹਾਦਸੇ ਦੀ ਜਾਂਚ ਕਰਦੇ ਏ.ਐੱਸ.ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਜਲਦ ਹੀ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਹੈ। ਮ੍ਰਿਤਕ ਅਜੈ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਛੋਟੇ-ਛੋਟੇ ਬੱਚੇ ਛੱਡ ਗਿਆ ਹੈ ਅਤੇ ਕਬਾੜ ਦੇ ਸਾਮਾਨ ਦੀ ਫੇਰੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।