ਮੂਸੇਵਾਲਾ ਹੱਤਿਆ ਮਾਮਲੇ 'ਚ ਅਗਲੀ ਸੁਣਵਾਈ 12 ਸਤੰਬਰ 'ਤੇ ਪਈ

ਮਾਨਸਾ, 22 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਅਗਲੀ ਸੁਣਵਾਈ 12 ਸਤੰਬਰ ’ਤੇ ਪਾ ਦਿੱਤੀ ਹੈ। ਕੇਸ ਗਵਾਹੀਆਂ ’ਤੇ ਲੱਗਿਆ ਹੋਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੱਖ-ਵੱਖ ਜੇਲ੍ਹਾਂ ’ਚੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ।
ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੋਂ ਇਲਾਵਾ 2 ਪੁਲਿਸ ਅਧਿਕਾਰੀ ਵੀ ਗਵਾਹੀ ਦੇਣ ਲਈ ਪਹੁੰਚੇ ਪਰ ਇਕ ਸਰਕਾਰੀ ਗਵਾਹ ਦੀ ਹੀ ਗਵਾਹੀ ਹੋ ਸਕੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ ਮੂਸਾ ਤੇ ਗੁਰਪ੍ਰੀਤ ਸਿੰਘ ਮੂਸਾ ਦੀਆਂ ਗਵਾਹੀਆਂ ਹੋ ਚੁੱਕੀਆਂ ਹਨ। ਇਹ ਦੋਵੇਂ ਨੌਜਵਾਨ ਮੂਸੇਵਾਲਾ ’ਤੇ ਹੋਈ ਗੋਲੀਬਾਰੀ ਸਮੇਂ 29 ਮਈ 2022 ਨੂੰ ਉਸ ਦੀ ਥਾਰ ਗੱਡੀ ’ਚ ਸਵਾਰ ਸਨ, ਜੋ ਗੰਭੀਰ ਜ਼ਖ਼ਮੀ ਹੋ ਗਏ ਸਨ।