ਟੀ.ਐਮ.ਸੀ. ਨੇਤਾ ਭ੍ਰਿਸ਼ਟ ਲੋਕਾਂ ਦਾ ਦਿੰਦੇ ਹਨ ਸਾਥ - ਕੋਲਕਾਤਾ 'ਚ ਬੋਲੇ ਪੀ.ਐਮ. ਨਰਿੰਦਰ ਮੋਦੀ

ਪੱਛਮੀ ਬੰਗਾਲ, 22 ਅਗਸਤ-ਕੋਲਕਾਤਾ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਵੋਟ ਦਿਓ ਅਤੇ ਘੁਸਪੈਠੀਏ ਭੱਜ ਜਾਣਗੇ। ਅਸੀਂ ਉਨ੍ਹਾਂ ਘੁਸਪੈਠੀਆਂ ਨੂੰ ਭਾਰਤ ਵਿਚ ਨਹੀਂ ਰਹਿਣ ਦੇਵਾਂਗੇ ਜੋ ਸਾਡੇ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਅਤੇ ਔਰਤਾਂ 'ਤੇ ਤਸ਼ੱਦਦ ਕਰ ਰਹੇ ਹਨ। ਟੀ.ਐਮ.ਸੀ. ਅਤੇ ਕਾਂਗਰਸ ਵਰਗੀਆਂ ਕੁਝ ਪਾਰਟੀਆਂ ਤੁਸ਼ਟੀਕਰਨ ਦੀ ਰਾਜਨੀਤੀ ਅੱਗੇ ਝੁੱਕ ਗਈਆਂ ਹਨ। ਉਹ ਸਿਰਫ਼ ਸੱਤਾ ਦੇ ਲਾਲਚ ਲਈ ਘੁਸਪੈਠ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਜਦੋਂ ਮੁੱਖ ਮੰਤਰੀ ਜੇਲ੍ਹ ਵਿਚ ਹੁੰਦਾ ਹੈ ਤਾਂ ਵੀ ਉਹ ਸਰਕਾਰ ਚਲਾਉਂਦੇ ਹਨ। ਇਹ ਸੰਵਿਧਾਨ ਅਤੇ ਲੋਕਤੰਤਰ ਦਾ ਨਿਰਾਦਰ ਹੈ। ਮੈਂ ਅਜਿਹਾ ਹੁੰਦਾ ਨਹੀਂ ਦੇਖ ਸਕਦਾ। ਭਾਵੇਂ ਇਹ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ, ਹਰ ਕੋਈ ਇਸ ਸਖ਼ਤ ਕਾਨੂੰਨ ਦੇ ਦਾਇਰੇ ਵਿਚ ਆਉਂਦਾ ਹੈ। ਟੀ.ਐਮ.ਸੀ. ਨੇਤਾਵਾਂ ਨੇ ਸੰਸਦ ਵਿਚ ਇਸ ਬਿੱਲ ਨੂੰ ਪਾੜਨ ਦੀ ਕੋਸ਼ਿਸ਼ ਕੀਤੀ। ਉਹ ਭ੍ਰਿਸ਼ਟਾਚਾਰੀਆਂ ਨੂੰ ਬਚਾਉਂਦੇ ਹਨ।