ਭਾਜਪਾ ਮੰਡਲ ਪ੍ਰਧਾਨ ਸਾਗਰ ਸਚਦੇਵਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ

ਗੁਰੂ ਹਰ ਸਹਾਏ, 22 ਅਗਸਤ (ਕਪਿਲ ਕੰਧਾਰੀ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਖਿਲਾਫ ਮੁਜ਼ਾਹਰੇ ਕੀਤੇ ਜਾ ਰਹੇ ਹਨ, ਉਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਵਿਖੇ ਵੀ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸਾਗਰ ਸਚਦੇਵਾ ਦੀ ਅਗਵਾਈ ਹੇਠ ਅੱਜ ਭਾਜਪਾ ਵਰਕਰਾਂ ਵਲੋਂ ਜਿਥੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਉਣਾ ਸੀ, ਉਥੇ ਹੀ ਰੋਸ ਪ੍ਰਦਰਸ਼ਨ ਵੀ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਥਾਣਾ ਮੁਖੀ ਬਲਜਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੰਡਲ ਪ੍ਰਧਾਨ ਸਾਗਰ ਸਚਦੇਵਾ ਦੇ ਘਰ ਪਹੁੰਚ ਕੇ ਸਾਗਰ ਸਚਦੇਵਾ ਨੂੰ ਉਸਦੇ ਘਰ ਵਿਚ ਕਰੀਬ ਇਕ ਘੰਟਾ ਨਜ਼ਰਬੰਦ ਕਰੀ ਰੱਖਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਮੰਡਲ ਪ੍ਰਧਾਨ ਸਾਗਰ ਸਚਦੇਵਾ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਭਾਜਪਾ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਘਬਰਾ ਗਈ ਹੈ ਅਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਜਿਥੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ, ਉਥੇ ਹੀ ਕਈ ਆਗੂਆਂ ਤੇ ਵਰਕਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਰਾਹੀਂ ਲੋਕ ਭਲਾਈ ਸਕੀਮਾਂ ਦੇ ਕੈਂਪ ਬੰਦ ਕਰਵਾਉਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਇਹ ਲੋਕਤੰਤਰ 'ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਥਾਂ-ਥਾਂ ਜਾ ਕੇ ਸਿਰਫ਼ ਇਹ ਯਕੀਨੀ ਬਣਾ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ-ਕਲਿਆਣੀ ਯੋਜਨਾਵਾਂ ਦਾ ਲਾਭ ਹਰ ਗਰੀਬ, ਬੇਰੋਜ਼ਗਾਰ, ਕਿਸਾਨ, ਦਲਿਤ, ਮਹਿਲਾ ਅਤੇ ਨੌਜਵਾਨ ਤੱਕ ਪਹੁੰਚੇ। ਇਸ ਲੋਕ ਭਲਾਈ ਕੰਮ 'ਚ ਕੁਝ ਵੀ ਗਲਤ ਜਾਂ ਗੈਰ ਕਾਨੂੰਨੀ ਨਹੀਂ ਹੈ।