ਰਮਦਾਸ ਤੋਂ ਲਾਪਤਾ ਹੋਏ ਨੌਜਵਾਨ ਦੀ ਅਜਨਾਲਾ ਨੇੜਿਓਂ ਮਿਲੀ ਲਾਸ਼

ਅਜਨਾਲਾ, 22 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਤਿੰਨ ਦਿਨ ਪਹਿਲਾਂ ਰਮਦਾਸ ਨੇੜਿਓਂ ਗੁੰਮ ਹੋਏ ਪਿੰਡ ਨੰਗਲ ਸੋਹਲ ਦੇ ਇਕ ਨੌਜਵਾਨ ਦੀ ਲਾਸ਼ ਗਲੀ-ਸੜੀ ਹਾਲਤ ਵਿਚ ਅੱਜ ਅਜਨਾਲਾ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਤੋਂ ਮਿਲੀ। ਮ੍ਰਿਤਕ ਸੰਦੀਪ ਸਿੰਘ ਦੇ ਚਾਚਾ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਤਿੰਨ ਦਿਨਾਂ ਤੋਂ ਗੁੰਮ ਸੀ, ਜਿਸ ਦੀ ਅਸੀਂ ਥਾਣਾ ਰਮਦਾਸ ਵਿਖੇ ਵੀ ਸੂਚਨਾ ਦਿੱਤੀ ਸੀI ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਹੁਣ ਵੀ ਉਸ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੀ ਹੋਈ ਹੈ।
ਉਧਰ ਮੌਕੇ ਉਤੇ ਪਹੁੰਚੇ ਥਾਣਾ ਅਜਨਾਲਾ ਦੇ ਐਸ.ਐਚ.ਓ. ਸਬ-ਇੰਸਪੈਕਟਰ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਮ੍ਰਿਤਕ ਸਰੀਰ ਉਤੇ ਛਾਲੇ ਪਾਏ ਹੋਏ ਹਨ, ਜਿਸ ਤੋਂ ਲੱਗਦਾ ਹੈ ਕਿ ਉਸਦੀ ਮੌਤ ਸੱਪ ਜਾਂ ਹੋਰ ਜ਼ਹਿਰੀਲੀ ਚੀਜ਼ ਲੜਨ ਨਾਲ ਹੋਈ ਹੈ ਪਰ ਫਿਰ ਵੀ ਸੰਦੀਪ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ I