ਬੀਜੇਪੀ ਨੇ ਸਬ-ਤਹਿਸੀਲ ਅਟਾਰੀ ਵਿਖੇ ਸਰਕਾਰ ਦਾ ਪੁਤਲਾ ਸਾੜਿਆ

ਅਟਾਰੀ, (ਅੰਮ੍ਰਿਤਸਰ), 22 ਅਗਸਤ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਅਟਾਰੀ ਦੇ ਇੰਚਾਰਜ ਬੀਬੀ ਬਲਵਿੰਦਰ ਕੌਰ ਭਕਨਾ ਦੀ ਅਗਵਾਈ ਹੇਠ ਸਬ ਤਹਿਸੀਲ ਅਟਾਰੀ ਦੇ ਗੇਟ ਅੱਗੇ ਮੀਟਿੰਗ ਹੋਈ, ਜਿਸ ਵਿਚ ਹਲਕਾ ਅਟਾਰੀ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਬੀਬੀ ਬਲਵਿੰਦਰ ਕੌਰ ਭਕਨਾ, ਬੀਜੇਪੀ ਆਗੂ ਡਾਕਟਰ ਸੁਸ਼ੀਲ ਦੇਵਗਨ, ਵਿਜੇ ਕੁਮਾਰ ਵਰਮਾ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਗਰੀਬ ਲੋਕਾਂ ਲਈ ਕੇਂਦਰ ਸਰਕਾਰ ਵਲੋਂ ਭੇਜੀਆਂ ਗਈਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ।
ਡਾ. ਸੁਸ਼ੀਲ ਦੇਵਗਨ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਮੁਫਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਪਿੰਡਾਂ ਵਿਚ ਸੀ.ਐਸ.ਸੀ. ਕੈਂਪ ਲਗਾਏ ਜਾ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਕੈਂਪ ਨਹੀਂ ਲਗਾਉਣ ਦਿੱਤੇ ਜਾ ਰਹੇ। ਬੀਜੇਪੀ ਵਰਕਰ ਪਿੰਡਾਂ ਵਿਚ ਕੈਂਪ ਲਗਾਉਣ ਜਾਂਦੇ ਹਨ ਤਾਂ ਪੰਜਾਬ ਪੁਲਿਸ ਵਲੋਂ ਕੈਂਪ ਲਗਾਉਣ ਨਹੀਂ ਦਿੱਤੇ ਜਾ ਰਹੇ ਤਾਂ ਕਿ ਗਰੀਬਾਂ ਨੂੰ ਸਹੂਲਤਾਂ ਨਾ ਮਿਲ ਸਕਣ। ਇਸ ਮੌਕੇ ਬੀਜੇਪੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ ਜਿਨ੍ਹਾਂ ਵਲੋਂ ਸਬ-ਤਹਿਸੀਲ ਅਟਾਰੀ ਦੇ ਮੁੱਖ ਦੁਆਰ ਅੱਗੇ ਸਰਕਾਰ ਦਾ ਪੁਤਲਾ ਸਾੜਿਆ।