ਸੀਵਰੇਜ ਬੋਰਡ ਦੇ ਕਾਮੇ ਨਹੀਂ ਕਰਨਗੇ ਹੜਤਾਲ, ਸਾਡੀ ਲੜਾਈ ਸਰਕਾਰ ਨਾਲ ਹੈ ਨਾ ਕਿ ਲੋਕਾਂ ਨਾਲ - ਜਥੇਬੰਦੀ

ਲੌਂਗੋਵਾਲ, 22 ਅਗਸਤ (ਖੰਨਾ, ਵਿਨੋਦ ਸ਼ਰਮਾ)-ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰ ਤੇ ਲੇਬਰ ਯੂਨੀਅਨ ਰਜਿ. 23 (ਏਟਕ) ਦੇ ਸੂਬਾ ਪ੍ਰਧਾਨ ਅਤੇ ਵਰਕਿੰਗ ਕਮੇਟੀ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸੀਵਰੇਜ ਬੋਰਡ ਦੇ ਕਾਮੇ ਹਾਲੇ ਹੜਤਾਲ ਨਹੀਂ ਕਰਨਗੇ। ਸੂਬਾ ਪ੍ਰਧਾਨ ਖੰਨਾ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਬ-ਕਮੇਟੀ ਦੇ ਚੇਅਰਮੈਨ ਮਾਣਯੋਗ ਹਰਪਾਲ ਸਿੰਘ, ਡਾ. ਰਵਜੋਤ ਸਿੰਘ ਸਥਾਨਕ ਸਰਕਾਰਾਂ ਮੰਤਰੀ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ, ਆਈ.ਏ.ਐਸ. ਅਫਸਰ ਮੈਡਮ ਦੀਪਤੀ ਉਪਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਸਥਾਨਕ ਸਰਕਾਰ, ਮੁੱਖ ਇੰਜੀਨੀਅਰ-ਕਮ-ਤਕਨੀਕੀ ਸਲਾਹਕਾਰ ਮੁਕੇਸ਼ ਗਰਗ, ਐਮ. ਪੀ.ਜੀ.ਏ., ਗੁਰਵਿੰਦਰਪਾਲ ਸਿੰਘ ਆਦਿ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਚੇਅਰਮੈਨ ਹਰਪਾਲ ਸਿੰਘ ਚੀਮਾ ਵਲੋਂ ਤਕਰੀਬਨ ਡੇਢ ਮਹੀਨੇ ਦਾ ਸਮਾਂ ਜਿਹੜਾ ਜਥੇਬੰਦੀ ਤੋਂ ਮੰਗਿਆ ਸੀ, ਜਿਸ ਵਿਚ ਉਨ੍ਹਾਂ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕੱਚੇ ਕਾਮਿਆਂ ਨੂੰ ਵਿਭਾਗ ਵਿਚ ਲਿਆਉਣ ਲਈ ਪਾਲਿਸੀ ਬਣਾਉਣ ਲਈ ਇਸ ਪ੍ਰਕਿਰਿਆ ਨੂੰ ਜਲਦੀ ਬਣਾ ਕੇ ਸਬ-ਕਮੇਟੀ ਨੂੰ ਭੇਜਣ ਬਾਰੇ ਹਦਾਇਤਾਂ ਕੀਤੀਆਂ ਸਨ।
ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਰੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਅੰਦਰ ਚੱਲ ਰਹੀਆਂ ਵਾਟਰ ਸਪਲਾਈ ਤੇ ਸੀਵਰੇਜ ਸਕੀਮਾਂ ਨੂੰ ਓਨਾ ਚਿਰ ਬੰਦ ਕਰਕੇ ਹੜਤਾਲ ਉਤੇ ਨਹੀਂ ਜਾਣਗੇ ਕਿਉਂਕਿ ਜੇਕਰ ਸਾਡੇ ਵਲੋਂ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀਆਂ ਮੋਟਰਾਂ ਬੰਦ ਕੀਤੀਆਂ ਜਾਂਦੀਆਂ ਹਨ ਤਾਂ ਉਸ ਨਾਲ ਸਾਡੇ ਪੰਜਾਬ ਵਿਚ ਰਹਿੰਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ ਪਰ ਇਹ ਅਸੀਂ ਹਰਗਿਜ਼ ਨਹੀਂ ਕਰਾਂਗੇ। ਸਾਡੀ ਲੜਾਈ ਪੰਜਾਬ ਸਰਕਾਰ ਨਾਲ ਹੈ। ਪੰਜਾਬ ਦੇ ਲੋਕਾਂ ਨਾਲ ਸਾਡੀ ਕੋਈ ਦੁਸ਼ਮਣੀ ਨਵੀਂ ਹੈ ਜਿੰਨਾ ਚਿਰ ਸਬ-ਕਮੇਟੀ ਵਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਮੰਗੀ ਗਈ ਰਿਪੋਰਟ ਸਬ-ਕਮੇਟੀ ਨੂੰ ਮੁਹੱਈਆ ਨਹੀਂ ਕਰਵਾਈ ਜਾਂਦੀ। ਉਦੋਂ ਤੱਕ ਸਾਡੀ ਜਥੇਬੰਦੀ ਵਲੋਂ ਕੋਈ ਵੀ ਸੰਘਰਸ਼ ਨਹੀਂ ਕੀਤਾ ਜਾਵੇਗਾ।
11 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵਲੋਂ ਇਕ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਵੱਖ-ਵੱਖ ਵਿਭਾਗਾਂ ਅੰਦਰ ਨਿਗੂਣੀਆਂ ਤਨਖਾਹਾਂ ਉਤੇ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਅਪੀਲ ਵੀ ਕੀਤੀ ਅਤੇ ਉਹ ਵੱਡੀ ਗਿਣਤੀ ਵਿਚ 11 ਸਤੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਪਹੁੰਚਣਗੇ। ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ, ਗਗਨਦੀਪ ਸਿੰਘ ਸੁਨਾਮ ਪ੍ਰਦੀਪ, ਪ੍ਰਧਾਨ ਜਸਵੀਰ ਸਿੰਘ ਭੀਖੀ, ਮੇਵਾ ਸਿੰਘ ਸਰਦੂਲਗੜ੍ਹ, ਕ੍ਰਿਸ਼ਨ ਸਿੰਘ ਨੀਟਾ, ਕੁਮਾਰ ਚੀਮਾ, ਗਗਨਦੀਪ ਸਿੰਘ ਫਿਰੋਜ਼ਪੁਰ, ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ ਗਿੱਦੜਬਾਹਾ, ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ, ਕਰਮਜੀਤ ਸਿੰਘ ਗਿੱਦੜਬਾਹਾ ਪੁੰਨੂੰ ਮਾਨਸਾ, ਦਿਨੇਸ਼ ਕੁਮਾਰ ਮਾਨਸਾ, ਭੁਪਿੰਦਰ ਸਿੰਘ ਲੌਂਗੋਵਾਲ, ਸੰਦੀਪ ਅਟਵਾਲ ਕਰਨੈਲ ਸਿੰਘ ਸਰਹੰਦ, ਪ੍ਰਦੀਪ ਸਿੰਘ ਛਾਹੜ ਆਦਿ ਵਰਕਰ ਹਾਜ਼ਰ ਸਨ।