ਮੰਗਾਂ ਸੰਬੰਧੀ ਟੋਲ ਪਲਾਜ਼ਾ ਨਿੱਜਰਪੁਰਾ ਦੇ ਕਰਮਚਾਰੀਆਂ ਵਲੋਂ ਰੋਸ ਧਰਨਾ

ਜੰਡਿਆਲਾ ਗੁਰੂ, 22 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਟੋਲ ਪਲਾਜ਼ਾ ਨਿੱਜਰਪੁਰਾ ਉਤੇ ਕੰਮ ਕਰਦੇ ਕਰਮਚਾਰੀਆਂ ਵਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਸੁਣਵਾਈ ਨਾ ਹੋਣ ਉਤੇ ਉਨ੍ਹਾਂ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਟੋਲ ਪਲਾਜ਼ਾ ਨਿੱਜਰਪੁਰਾ ਉਤੇ ਕੰਮ ਕਰਦੇ ਕਰਮਚਾਰੀਆਂ ਦੀ ਬਣੀ ਯੂਨੀਅਨ ਸ਼ੇਰ-ਏ-ਪੰਜਾਬ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ਉਤੇ ਜਿੰਨੇ ਵੀ ਲੜਕੇ ਲੜਕੀਆਂ ਇਕ ਸਾਲ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਦਾ ਪੀ. ਐਫ. ਦਾ ਮਸਲਾ ਅਤੇ ਤਨਖਾਹ ਵਧਾਉਣ ਦੀ ਮੰਗ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਲਟਾ ਉਨ੍ਹਾਂ ਦੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਟੋਲ ਪਲਾਜ਼ਾ ਦੇ ਮੈਨੇਜਰ ਰਾਸ਼ਿਦ ਨੇ ਇਸ ਸਬੰਧੀ ਕਿਹਾ ਕਿ ਟੋਲ ਪਲਾਜ਼ਾ ਉਤੇ ਕੰਮ ਕਰਦੇ ਮੁਲਾਜ਼ਮਾਂ ਨੇ ਕੰਪਨੀ ਨਾਲ ਗੱਲ ਕੀਤੇ ਬਿਨਾਂ ਹੀ ਕੰਪਨੀ ਵਿਰੁੱਧ ਸ਼ਿਕਾਇਤ ਕਰ ਕਰ ਦਿੱਤੀ ਅਤੇ ਕੰਪਨੀ ਨੂੰ ਆਪਣੀਆਂ ਮੰਗਾਂ ਸਬੰਧੀ ਵੀ ਕੁਝ ਨਹੀਂ ਦੱਸਿਆ ਤੇ ਨਾ ਹੀ ਕੋਈ ਨੋਟਿਸ ਦਿੱਤਾ ਹੈ।