ਉੱਘੇ ਐਨ.ਆਰ.ਆਈ. ਉਦਯੋਗਪਤੀ ਲਾਰਡ ਸਵਰਾਜ ਪਾਲ ਦਾ 94 ਸਾਲ ਦੀ ਉਮਰ ਵਿਚ ਦਿਹਾਂਤ

ਜਲੰਧਰ, 22 ਅਗਸਤ- ਜਲੰਧਰ ਤੋਂ ਉੱਘੇ ਐਨ.ਆਰ.ਆਈ. ਉਦਯੋਗਪਤੀ ਅਤੇ ਸਮਾਜਿਕ ਕਾਰਕੁਨ ਲਾਰਡ ਸਵਰਾਜ ਪਾਲ ਦਾ ਵੀਰਵਾਰ ਸ਼ਾਮ 94 ਸਾਲ ਦੀ ਉਮਰ ਵਿਚ ਲੰਡਨ ਵਿਚ ਦਿਹਾਂਤ ਹੋ ਗਿਆ। ਯੂ.ਕੇ.-ਅਧਾਰਤ ਕਾਪਾਰੋ ਗਰੁੱਪ ਆਫ਼ ਇੰਡਸਟਰੀਜ਼ ਦੇ ਸੰਸਥਾਪਕ ਲਾਰਡ ਪਾਲ ਨੂੰ ਹਾਲ ਹੀ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਜਲੰਧਰ ਵਿਚ ਜਨਮੇ, ਲਾਰਡ ਪਾਲ 1966 ਵਿਚ ਆਪਣੀ ਧੀ ਅੰਬਿਕਾ ਦੇ ਇਲਾਜ ਲਈ ਯੂ.ਕੇ. ਚਲੇ ਗਏ ਸਨ, ਜਿਸ ਦੀ ਬਾਅਦ ਵਿਚ ਲਿਊਕੇਮੀਆ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੇ ਕਾਪਾਰੋ ਗਰੁੱਪ ਦੀ ਸਥਾਪਨਾ ਕੀਤੀ, ਜੋ ਸਟੀਲ, ਇੰਜੀਨੀਅਰਿੰਗ ਅਤੇ ਜਾਇਦਾਦ ਖੇਤਰਾਂ ਵਿਚ ਇਕ ਗਲੋਬਲ ਉੱਦਮ ਬਣ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ’ਤੇ ਇਕ ਪੋਸਟ ਵਿਚ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਸਵਰਾਜ ਪਾਲ ਜੀ ਦੇ ਦਿਹਾਂਤ ’ਤੇ ਬਹੁਤ ਦੁੱਖ ਹੋਇਆ। ਯੂ.ਕੇ. ਵਿਚ ਉਦਯੋਗ, ਪਰਉਪਕਾਰ ਅਤੇ ਜਨਤਕ ਸੇਵਾ ਵਿਚ ਉਨ੍ਹਾਂ ਦਾ ਯੋਗਦਾਨ ਅਤੇ ਭਾਰਤ ਨਾਲ ਨੇੜਲੇ ਸੰਬੰਧਾਂ ਲਈ ਉਨ੍ਹਾਂ ਦਾ ਅਟੁੱਟ ਸਮਰਥਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀਆਂ ਸੰਵੇਦਨਾਵਾਂ ਹਨ।
ਦੱਸ ਦੇਈਏ ਕਿ ਉਹ ਭਾਰਤ-ਬ੍ਰਿਟਿਸ਼ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਆਪਣੇ ਯਤਨਾਂ ਅਤੇ ਸਿੱਖਿਆ ਅਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਆਪਣੇ ਪਰਉਪਕਾਰੀ ਕੰਮ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਲੰਡਨ ਚਿੜੀਆਘਰ ਨੂੰ ਬੰਦ ਹੋਣ ਤੋਂ ਬਚਾਉਣ ਵਿਚ ਵੀ ਮੁੱਖ ਭੂਮਿਕਾ ਨਿਭਾਈ। ਲਾਰਡ ਪਾਲ ਬ੍ਰਿਟੇਨ ਦੇ ਸਭ ਤੋਂ ਅਮੀਰ ਏਸ਼ੀਆਈ ਲੋਕਾਂ ਵਿਚੋਂ ਇਕ ਬਣ ਗਏ ਅਤੇ ਦਹਾਕਿਆਂ ਤੱਕ ਕਾਰੋਬਾਰ, ਰਾਜਨੀਤੀ ਅਤੇ ਪਰਉਪਕਾਰ ਵਿਚ ਇਕ ਪ੍ਰਮੁੱਖ ਹਸਤੀ ਬਣੇ ਰਹੇ।