ਪਿੰਡ ਕੱਕੜ, ਮੰਜ, ਲੋਧੀਗੁੱਜਰ ਵਿਖੇ ਵਿਗੜੇ ਹਾਲਾਤ, ਸਾਬਕਾ ਮੰਤਰੀ ਸਰਕਾਰੀਆਂ ਨੇ ਲਿਆ ਜਾਇਜ਼ਾ

ਚੋਗਾਵਾਂ/ਅੰਮ੍ਰਿਤਸਰ, 28 ਅਗਸਤ (ਗੁਰਵਿੰਦਰ ਸਿੰਘ ਕਲਸੀ)-ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਲੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਚਲਦੇ ਦਰਿਆ ਰਾਵੀ ਵਿਚ ਪਾਣੀ 'ਚ ਵਹਾਅ ਤੇਜ਼ ਹੋ ਰਿਹਾ ਹੈ। ਰਾਵੀ ਦਰਿਆ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਉਛਾਲ ਆ ਗਿਆ ਹੈ, ਜਿਸ ਦੇ ਚਲਦਿਆਂ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਪਿੰਡ ਕੱਕੜ, ਰਾਣੀਆਂ, ਮੰਜ, ਲੋਧੀਗੁੱਜਰ ਸੈਦਪੁਰ ਵਿਖੇ ਹੜ੍ਹਾਂ ਦੀ ਸਥਿਤੀ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਮੌਕੇ ਉਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਲੋਕਾਂ ਨਾਲ ਗੱਲਬਾਤ ਕਰਦਿਆਂ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਆਰਥਿਕ ਮਦਦ ਵੀ ਦਿੱਤੀ। ਪਿੰਡ ਕੱਕੜ ਵਿਖੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਕਿਹਾ ਕਿ ਸਵੇਰੇ 8 ਵਜੇ ਦੀ ਸਥਿਤੀ ਨਾਲੋਂ ਦੁਪਹਿਰ ਤੱਕ ਪਾਣੀ ਵਿਚ ਲਗਭਗ ਇਕ ਫੁੱਟ ਦਾ ਉਛਾਲ ਆ ਚੁੱਕਾ ਹੈ, ਜਿਸ ਦੇ ਚਲਦਿਆਂ ਹਰਾ ਚਾਰਾ ਮੱਕੀ, ਗੰਨਾ, ਮਿਰਚ, ਝੋਨੇ ਦੀ 4 ਹਜ਼ਾਰ ਏਕੜ ਫਸਲ ਬਰਬਾਦ ਹੋ ਗਈ ਹੈ। ਮਿਲਕ ਪਲਾਂਟ ਵੇਰਕਾ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਕੱਕੜ ਨੇ ਦੱਸਿਆ ਕਿ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਡਿਫੈਂਸ ਲਾਈਨ ਉਤੇ ਬੰਨ੍ਹ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਜ਼ਿਲ੍ਹੇ ਦੇ ਡੀ.ਸੀ. ਸਾਹਿਬ ਤੋਂ ਮੰਗ ਕੀਤੀ ਕਿ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।