ਰਾਜਾ ਵੜਿੰਗ ਵਲੋਂ ਜ਼ਿਲ੍ਹਾ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਚੋਹਲਾ ਸਾਹਿਬ, 28 ਅਗਸਤ (ਬਲਵਿੰਦਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨਾਂ ਪਾਣੀ ਦੀ ਲਪੇਟ ਵਿਚ ਆ ਗਈਆਂ ਹਨ, ਜਿਸ ਦੇ ਚਲਦਿਆਂ ਮੰਡ ਖੇਤਰ ਦੇ ਇਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ, ਜਿਥੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨਾਂ ਪਾਣੀ ਦੀ ਲਪੇਟ ਵਿਚ ਆ ਗਈਆਂ ਹਨ, ਉਥੇ ਉਨ੍ਹਾਂ ਦੇ ਰਿਹਾਇਸ਼ੀ ਡੇਰਿਆਂ, ਬੰਬੀਆਂ ਮੋਟਰਾਂ, ਇੰਜਣਾਂ ਸਮੇਤ ਸ਼ਮਸ਼ਾਨਘਾਟ ਅਤੇ ਗੁਰਦੁਆਰਾ ਸਾਹਿਬ ਵੀ ਪਾਣੀ ਦੀ ਮਾਰ ਤੋਂ ਨਹੀਂ ਬਚ ਸਕੇ। ਇਸ ਆਫਤ ਭਰੇ ਮਾਹੌਲ ਵਿਚ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦਾ ਹਾਲ ਜਾਨਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਤਰਨਤਾਰਨ ਦੇ ਮੁੰਡਾ ਪਿੰਡ ਅਤੇ ਘੜਕਾ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਇਸ ਔਖੇ ਸਮੇਂ ਵਿਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਦਾਅਵਾ ਕੀਤਾ।