ਹੜ੍ਹ ਦੇ ਪਾਣੀ 'ਚ ਘਿਰੇ 100 ਸਾਲਾ ਬਚਨ ਸਿੰਘ ਨੂੰ ਕੱਢਿਆ ਸੁਰੱਖਿਅਤ ਬਾਹਰ

ਸੁਲਤਾਨਪੁਰ ਲੋਧੀ, 28 ਅਗਸਤ (ਥਿੰਦ)-ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਵਾਲਿਆਂ ਵਿਚ 100 ਸਾਲਾ ਬਚਨ ਸਿੰਘ ਵੀ ਸ਼ਾਮfਲ ਹੈ। ਬਿਆਸ ਦਰਿਆ ਵਿਚ ਪਾਣੀ ਵਧਣ ਕਾਰਨ ਤੜਕਸਾਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਆਉਣ ਦੀ ਅਪੀਲ ਪਿੱਛੋਂ ਲੋਕਾਂ ਵਲੋਂ ਤੇਜ਼ੀ ਨਾਲ ਪ੍ਰਸ਼ਾਸਨ ਦੁਆਰਾ ਜਾਰੀ ਹੈਲਪਲਾਈਨਾਂ ਉਪਰ ਮਦਦ ਲਈ ਸੰਪਰਕ ਕੀਤਾ ਗਿਆ। ਬਚਨ ਸਿੰਘ ਦੇ ਪਰਿਵਾਰ ਵਲੋਂ ਸੰਪਰਕ ਕੀਤੇ ਜਾਣ ਮਗਰੋਂ ਐਸ. ਜੀ. ਆਰ. ਐਫ. ਦੀ ਟੀਮ ਵਲੋਂ ਉਨ੍ਹਾਂ ਨੂੰ ਬਾਹਰ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਨੇ ਬਚਨ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਬਜ਼ੁਰਗ ਬਚਨ ਸਿੰਘ ਲਈ ਲੋੜ ਅਨੁਸਾਰ ਮੈਡੀਕਲ ਚੈੱਕਅਪ ਤੇ ਰਾਸ਼ਨ ਆਦਿ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ।