ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜ ਸ਼ੁਰੂ

ਧਰਮਗੜ੍ਹ (ਸੰਗਰੂਰ), 28 ਅਗਸਤ (ਗੁਰਜੀਤ ਸਿੰਘ ਚਹਿਲ)-ਬੀਤੇ ਕੁਝ ਦਿਨਾਂ ਤੋਂ ਰਾਵੀ ਦਰਿਆ ਦਾ ਬੰਨ੍ਹ ਟੁੱਟਣ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਹੜ੍ਹ ਆਏ ਹੋਏ ਹਨ ਅਤੇ ਮਾਝਾ, ਦੋਆਬਾ ਦੇ ਕਾਫੀ ਖੇਤਰ ਵਿਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਤਹਿਤ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਭਿਆਨਕ ਰੂਪ ਧਾਰਨ ਕਰ ਗਈ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਇਕ ਵਾਰ ਫਿਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆ ਖੜ੍ਹਾ ਹੋਇਆ ਹੈ। ਉਕਤ ਟਰੱਸਟ ਦੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਕਾਲ ਫਲੱਡ ਰਿਲੀਫ ਟੀਮ ਵਲੋਂ ਗੁਰਦਾਸਪੁਰ ਜ਼ਿਲ੍ਹੇ ਅਧੀਨ ਦੀਨਾਨਗਰ, ਡੇਰਾ ਬਾਬਾ ਨਾਨਕ, ਪਠਾਨਕੋਟ ਦੇ ਇਲਾਕੇ ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਅਜਨਾਲਾ ਅਤੇ ਰਮਦਾਸ ਇਲਾਕੇ ਵਿਚੋਂ ਅਤੇ ਫਿਰੋਜ਼ਪੁਰ ਦੇ ਇਲਾਕੇ ਅਧੀਨ ਪਿੰਡਾਂ ਵਿਚ ਹੜ੍ਹ ਪੀੜਤਾਂ ਨੂੰ ਘਰੋਂ-ਘਰੀਂ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਵਿਚੋਂ ਹੁਣ ਤੱਕ 700 ਤੋਂ ਵੱਧ ਵਿਅਕਤੀਆਂ ਅਤੇ ਛੋਟੇ ਮਾਲ ਪਸ਼ੂਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਉਤੇ ਪਹੁੰਚਾਇਆ ਗਿਆ। ਇਹ ਟੀਮ ਸਥਾਨਕ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੰਗਰ ਦੇ ਨਾਲ-ਨਾਲ ਹੋਰ ਵੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।