ਸਾਬਕਾ ਸਰਪੰਚ ਦਾ ਭਾਰੀ ਵਰਖਾ ਨਾਲ ਮਕਾਨ ਡਿੱਗਿਆ

ਧਰਮਗੜ੍ਹ (ਸੰਗਰੂਰ), 28 ਅਗਸਤ (ਗੁਰਜੀਤ ਸਿੰਘ ਚਹਿਲ)-ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਪੈਂਦੇ ਸਥਾਨਕ ਕਸਬੇ ਨੇੜਲੇ ਪਿੰਡ ਫਤਹਿਗੜ੍ਹ ਗੰਢੂਆਂ ਦੇ ਸਾਬਕਾ ਸਰਪੰਚ ਸੁਖਦੀਪ ਸਿੰਘ ਸਪੁੱਤਰ ਮੱਘਰ ਸਿੰਘ ਦਾ ਭਾਰੀ ਵਰਖਾ ਨਾਲ ਮਕਾਨ ਡਿੱਗ ਜਾਣ ਦੀ ਖਬਰ ਮਿਲੀ ਹੈ। ਬੀਤੇ ਦਿਨਾਂ ਤੋਂ ਪੈ ਰਹੀ ਵਰਖਾ ਨਾਲ ਜਿਥੇ ਸੂਬੇ ਭਰ ਵਿਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਉਥੇ ਨਾਲ ਹੀ ਇਸ ਮੀਂਹ ਨਾਲ ਫ਼ਸਲਾਂ ਅਤੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ। ਪਿੰਡ ਫਤਹਿਗੜ੍ਹ ਦੇ ਸਾਬਕਾ ਸਰਪੰਚ ਸੁਖਦੀਪ ਸਿੰਘ ਨੇ ਦੱਸਿਆ ਕਿ ਲਗਾਤਾਰ ਪਈ ਵਰਖਾ ਨਾਲ ਉਸ ਦੇ ਘਰ ਦੀਆਂ ਕੱਚੀਆਂ ਛੱਤਾਂ ਖੁਰ ਜਾਣ ਨਾਲ ਉਸ ਦੇ ਘਰ ਦੇ ਦੋਵੇਂ ਕਮਰੇ ਢਹਿ-ਢੇਰੀ ਹੋ ਗਏ ਜੋ ਕਿ ਉਨ੍ਹਾਂ ਬਹੁਤ ਮਿਹਨਤ ਮੁਸ਼ੱਕਤ ਨਾਲ ਬਣਾਏ ਸਨ। ਮਕਾਨ ਡਿੱਗਣ ਨਾਲ ਘਰ ਵਿਚ ਪਿਆ ਸਾਮਾਨ ਵੀ ਨੁਕਸਾਨਿਆ ਗਿਆ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ, ਜਿਸ ਕਰਕੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਦੁਬਾਰਾ ਆਪਣਾ ਮਕਾਨ ਨਹੀਂ ਬਣਾ ਸਕਦੇ, ਜਿਸ ਕਰਕੇ ਉਨ੍ਹਾਂ ਨੂੰ ਮਕਾਨ ਬਣਾਉਣ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।