ਅੰਤਰਰਾਜੀ ਵਾਹਨ ਚੋਰ ਗਰੋਹ ਬੇਨਕਾਬ, 5 ਕਾਬੂ, 18 ਗੱਡੀਆਂ ਬਰਾਮਦ

ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 18 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਸੀ.ਆਈ.ਏ. ਸਟਾਫ ਨੇ ਕਪਤਾਨ ਪੁਲਿਸ (ਜਾਂਚ) ਸੌਰਵ ਜਿੰਦਲ ਦੀ ਅਗਵਾਈ ਹੇਠ ਕੀਤੀ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਨਿਤੇਸ਼ ਸ਼ਰਮਾ, ਰਣਵੀਰ ਸਿੰਘ, ਰਮਨਜੋਤ ਸਿੰਘ, ਸਰਾਜ ਅਨਵਰ ਸੰਧੂ ਅਤੇ ਸ਼ਿਵ ਚਰਨ ਦਾਸ ਸ਼ਾਮਿਲ ਹਨ। ਐੱਸ. ਪੀ ਸੌਰਵ ਜਿੰਦਲ ਨੇ ਦੱਸਿਆ ਕਿ ਇਹ ਗਰੋਹ ਪੰਜਾਬ ਤੇ ਹੋਰ ਰਾਜਾਂ ਵਿਚ ਵਾਹਨ ਚੋਰੀ ਕਰਕੇ ਇੰਜਣ ਤੇ ਚੈਸੀ ਨੰਬਰ ਟੈਂਪਰ ਕਰਦਾ ਅਤੇ ਜਾਅਲਸਾਜ਼ੀ ਨਾਲ ਭੋਲੇ-ਭਾਲੇ ਲੋਕਾਂ ਨੂੰ ਵੇਚਦਾ ਸੀ।
ਰਣਵੀਰ ਸਿੰਘ ਤੋਂ ਚੈਸੀ-ਇੰਜਣ ਨੰਬਰ ਬਦਲਣ ਵਾਲੀ ਡੌਟ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ। ਬਰਾਮਦਗੀ ਵਿਚ ਫਾਰਚੂਨਰ, ਸਕਾਰਪੀਓ, ਮਹਿੰਦਰਾ ਥਾਰ, ਕਰੇਟਾ, ਬਲੈਰੋ, ਸਵਿਫਟ, ਗਲਾਂਜਾ, ਵਰਨਾ, ਆਰਟਿਗਾ ਅਤੇ ਹੌਂਡਾ ਸਿਟੀ ਸਮੇਤ 18 ਗੱਡੀਆਂ ਸ਼ਾਮਿਲ ਹਨ। ਗਰੋਹ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖਤਮ ਹੋਣ 'ਤੇ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਨਿਆਂਇਕ ਹਿਰਾਸਤ 'ਚ ਭੇਜਿਆ ਜਾ ਰਿਹਾ ਹੈ ਅਤੇ ਬਰਾਮਦ ਵਾਹਨਾਂ ਦੀ ਅਸਲੀ ਮਾਲਕੀ ਟਰੇਸ ਕਰਨ ਦੀ ਕਾਰਵਾਈ ਚੱਲ ਰਹੀ ਹੈ।