ਪੰਜਾਬ 'ਚ ਬਾਰਿਸ਼ ਕਾਰਨ ਆਈ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਇਕ ਸਿਸਟਮ ਬਣਾਉਣਾ ਜ਼ਰੂਰੀ - ਜਥੇ. ਝੀਂਡਾ

ਕਰਨਾਲ, 4 ਸਤੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਪੰਜਾਬ ਵਿਚ ਭਾਰੀ ਬਾਰਿਸ਼ ਕਾਰਨ ਆਈ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਇਕ ਸਿਸਟਮ ਬਣਾਉਣਾ ਪਵੇਗਾ। ਕਿਸੇ ਵੀ ਸਿਸਟਮ ਤੋਂ ਬਿਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਦੀ। ਉਹ ਡੇਰਾ ਕਾਰ ਸੇਵਾ ਕਰਨਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਹਰਿਆਣਾ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਨਿਮਾਨਾਬਾਦ, ਪਲਵਿੰਦਰ ਸਿੰਘ ਦਰਦ, ਹਰਪ੍ਰੀਤ ਸਿੰਘ ਨਰੂਲਾ, ਗੁਰਦੀਪ ਸਿੰਘ ਰੰਬਾ ਅਤੇ ਹੋਰ ਉਨ੍ਹਾਂ ਨਾਲ ਮੌਜੂਦ ਸਨ।
ਜਥੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੂੰ ਇਕ ਸਿਸਟਮ ਬਣਾਉਣਾ ਚਾਹੀਦਾ ਹੈ ਅਤੇ ਸੰਸਥਾਵਾਂ ਨੂੰ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਨ ਪਰ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਿਸਟਮ ਦੇ ਕਰੋੜਾਂ ਰੁਪਏ ਦਾ ਰਾਸ਼ਨ ਮੀਂਹ ਵਿਚ ਖਰਾਬ ਹੋ ਗਿਆ ਹੈ। ਜੇਕਰ ਕੋਈ ਸਿਸਟਮ ਬਣਾਇਆ ਹੁੰਦਾ ਤਾਂ ਇਹ ਰਾਸ਼ਨ ਖਰਾਬ ਨਾ ਹੁੰਦਾ। ਉਨ੍ਹਾਂ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੇ ਨਾਲ-ਨਾਲ ਕੰਬਲ, ਦਵਾਈਆਂ, ਕੱਪੜੇ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਜ਼ਰੂਰਤ ਪਵੇਗੀ, ਇਸ ਲਈ ਪ੍ਰਬੰਧ ਕਰਨੇ ਪੈਣਗੇ ਅਤੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਅਤੇ ਹਰਿਆਣੇ ਦੀ ਸੰਗਤ ਨੇ ਹੜ੍ਹ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੂੰ ਅਪਣਾਉਣ ਲਈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਪੱਤਰ ਵੀ ਲਿਖਿਆ ਹੈ ਪਰ ਇਸ ਸਬੰਧੀ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ 10 ਗੁਰਦੁਆਰਾ ਸਾਹਿਬਾਨ ਦੇ ਨੰਬਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਨਾਲ ਸੰਪਰਕ ਕਰਕੇ ਇਸ ਪਵਿੱਤਰ ਕਾਰਜ ਵਿਚ ਆਪਣਾ ਸਮਰਥਨ ਦੇ ਸਕਦੇ ਹੋ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਹਰਿਆਣਾ ਕਮੇਟੀ ਵਲੋਂ ਇਕ ਰਾਹਤ ਫੰਡ ਖਾਤਾ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੰਗਤ ਸਹਾਇਤਾ ਰਾਸ਼ੀ ਭੇਜ ਕੇ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਕਮੇਟੀ ਗੁਰਦੁਆਰਾ ਸਾਹਿਬ ਵਿਚ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਇਕੱਠਾ ਕਰ ਰਹੀ ਹੈ ਜੋ ਕਿ ਲੋੜ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰ ਵਿਚ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਘਰੌਂਦਾ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਸੰਗਤ 100 ਕੁਇੰਟਲ (ਕਣਕ, ਆਲੂ, ਪਿਆਜ਼) ਸਾਮਾਨ ਲੈ ਕੇ ਇਥੇ ਪਹੁੰਚੀ ਹੈ। ਆਪਣੇ ਵੱਡੇ ਭਰਾ ਪੰਜਾਬ 'ਤੇ ਆਈ ਮੁਸੀਬਤ ਨੂੰ ਦੇਖਦਿਆਂ, ਹਰਿਆਣਾ ਦੀ ਸੰਗਤ ਪੂਰੀ ਸ਼ਰਧਾ ਨਾਲ ਆਪਣਾ ਫਰਜ਼ ਨਿਭਾਅ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਹਰਿਆਣਾ ਕਮੇਟੀ ਹੋਵੇ, ਆਮ ਲੋਕ ਹੋਣ, ਕਿਸਾਨ ਯੂਨੀਅਨ ਹੋਵੇ, ਪੰਚਾਇਤਾਂ ਹੋਣ ਅਤੇ ਵੱਖ-ਵੱਖ ਸੰਗਠਨ ਹੋਣ, ਹਰ ਕੋਈ ਆਪਣਾ ਪੂਰਾ ਸਮਰਥਨ ਦੇ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿੰਦੇ ਹੋਏ ਜਥੇਦਾਰ ਝੀਂਡਾ ਨੇ ਕਿਹਾ ਕਿ ਪੰਜਾਬ ਵਿਚ ਹੜ੍ਹ ਆ ਗਿਆ ਹੈ, ਇਸ ਲਈ ਉਥੋਂ ਦੀ ਮੌਜੂਦਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਤਾਲਮੇਲ ਕਰਨਾ ਜ਼ਰੂਰੀ ਹੈ ਤਾਂ ਜੋ ਮਦਦ ਕਰਨ ਵਾਲੀ ਸੰਗਤ ਦਾ ਪੈਸਾ ਵਿਅਰਥ ਨਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਜਨਮਦਿਨ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਅਤੇ 5 ਸਤੰਬਰ ਨੂੰ ਆਪਣੀ ਟੀਮ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਪੰਜਾਬ ਜਾਣਗੇ ਅਤੇ ਉਥੇ ਸੇਵਾ ਕਰਨਗੇ ਅਤੇ ਹਾਲਾਤ ਦਾ ਜਾਇਜ਼ਾ ਲੈ ਕੇ ਜਿਥੇ ਵੀ ਜਿਸ ਸਾਮਾਨ ਦੀ ਜ਼ਰੂਰਤ ਹੋਵੇਗੀ, ਹਰਿਆਣਾ ਤੋਂ ਉਥੇ ਪਹੁੰਚਾਇਆ ਜਾਏਗਾ।